Ludhiana : ਰੋਜ਼ੀ-ਰੋਟੀ ਦੀ ਭਾਲ ‘ਚ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ
– ਪਿੰਡ ਘਣਗਸ ‘ਚ ਪਸਰਿਆ ਸੋਗ!
ਲੁਧਿਆਣਾ, 1 ਮਈ 2026 (ਵਿਸ਼ਵ ਵਾਰਤਾ): ਖੰਨਾ ਨੇੜਲੇ ਪਿੰਡ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਮੌਤ ਹੋ ਗਈ ਹੈ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਵਿੱਚ ਮਾਤਮ ਫੈਲ ਗਿਆ ਹੈ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।
ਦੱਸ ਦਈਏ ਕਿ ਪਿੰਡ ਘਣਗਸ ਦਾ ਰਹਿਣ ਵਾਲਾ 29 ਸਾਲਾ ਮਹਿਕ ਸਿੰਘ, ਸੁਨਹਿਰੀ ਭਵਿੱਖ ਦੀ ਭਾਲ ਵਿੱਚ 1 ਅਪ੍ਰੈਲ 2024 ਨੂੰ ਕੈਨੇਡਾ ਗਿਆ ਸੀ ਅਤੇ ਬਾਅਦ ਵਿੱਚ ਅਮਰੀਕਾ ਚਲਾ ਗਿਆ ਸੀ। ਉਹ ਅਮਰੀਕਾ ਦੇ ਇੰਡੀਆਨਾ ਵਿੱਚ ਇੱਕ ਸਟੋਰ ‘ਤੇ ਕੰਮ ਕਰਦਾ ਸੀ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਆਪਣੇ ਬੇਟੇ ਨਾਲ ਆਖਰੀ ਵਾਰ 15 ਅਪ੍ਰੈਲ ਨੂੰ ਗੱਲ ਹੋਈ ਸੀ। ਉਸ ਸਮੇਂ ਮਹਿਕ ਸਿੰਘ ਬਿਲਕੁਲ ਠੀਕ ਸੀ ਅਤੇ ਪਰਿਵਾਰ ਦਾ ਹਾਲ-ਚਾਲ ਪੁੱਛ ਰਿਹਾ ਸੀ। ਇਸ ਤੋਂ ਬਾਅਦ 22 ਅਪ੍ਰੈਲ ਦੀ ਸਵੇਰ ਨੂੰ ਪਰਿਵਾਰ ਨੂੰ ਫ਼ੋਨ ‘ਤੇ ਮਹਿਕ ਸਿੰਘ ਦੀ ਮੌਤ ਦੀ ਸੂਚਨਾ ਮਿਲੀ। ਦੱਸਿਆ ਜਾ ਰਿਹਾ ਹੈ ਕਿ ਮਹਿਕ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।
ਦੱਸ ਦਈਏ ਕਿ ਪਰਿਵਾਰ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ ਉਹ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ਦਾ ਖਰਚਾ ਚੁੱਕਣ ਦੇ ਸਮਰੱਥ ਨਹੀਂ ਹਨ। ਪਰਿਵਾਰ ਚਾਹੁੰਦਾ ਹੈ ਕਿ ਮਹਿਕ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਹੀ ਕੀਤਾ ਜਾਵੇ। ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























