Rajasthan ਵਿਧਾਨ ਸਭਾ ਨੂੰ ਫਿਰ ਮਿਲੀ ਬੰਬ ਦੀ ਧਮਕੀ! ਖਾਲੀ ਕਰਵਾਇਆ ਗਿਆ ਕੰਪਲੈਕਸ
– ਅਪ੍ਰੈਲ ਮਹੀਨੇ ‘ਚ ਤੀਜੀ ਵਾਰ ਮਿਲੀ ਧਮਕੀ ਭਰੀ ਈਮੇਲ
ਰਾਜਸਥਾਨ, 27 ਅਪ੍ਰੈਲ 2026 (ਵਿਸ਼ਵ ਵਾਰਤਾ): ਰਾਜਸਥਾਨ ਵਿਧਾਨ ਸਭਾ ਨੂੰ ਇੱਕ ਵਾਰ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲੀ ਹੈ। ਜਿਸ ਕਾਰਨ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮੱਚ ਗਿਆ ਹੈ। ਵਿਧਾਨ ਸਭਾ ਦੀ ਅਧਿਕਾਰਤ ਈਮੇਲ ਆਈਡੀ ‘ਤੇ ਇੱਕ ਅਣਪਛਾਤੀ ਈਮੇਲ ਆਈ। ਇਸ ਵਿੱਚ ਦਾਅਵਾ ਕੀਤਾ ਗਿਆ ਕਿ ਵਿਧਾਨ ਸਭਾ ਕੰਪਲੈਕਸ ਵਿੱਚ ਬੰਬ ਧਮਾਕਾ ਹੋਵੇਗਾ। ਜਿਸ ਤੋਂ ਤੁਰੰਤ ਬਾਅਦ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਵਿਧਾਨ ਸਭਾ ਕੰਪਲੈਕਸ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ।
ਮਿਲੀ ਜਾਣਕਾਰੀ ਅਨੁਸਾਰ ਈਮੇਲ ਵਿੱਚ ਲਿਖਿਆ ਸੀ ਕਿ “ਵਿਧਾਨ ਸਭਾ ਵਿੱਚ 5 ਸਿਲੀਕਾਨ 100 ਬੇਸ RDX ਬੰਬ ਫਟਣ ਵਾਲੇ ਹਨ, ਇਹ ਕੋਈ ਮਜ਼ਾਕ ਨਹੀਂ ਹੈ, ਸਾਰੇ VIPs ਨੂੰ ਤੁਰੰਤ ਬਾਹਰ ਕੱਢੋ।” ਧਮਕੀ ਮਿਲਦੇ ਹੀ ਪੂਰੇ ਵਿਧਾਨ ਸਭਾ ਕੰਪਲੈਕਸ ਨੂੰ ਖਾਲੀ ਕਰਵਾ ਲਿਆ ਗਿਆ। ਬੰਬ ਨਿਰੋਧਕ ਦਸਤਾ , ਪੁਲਿਸ ਦੀਆਂ ਵਿਸ਼ੇਸ਼ ਟੀਮਾਂ, ਸਨਿਫਰ ਡੌਗ ਸਕੁਐਡ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਕਮਾਂਡੋ ਯੂਨਿਟ ਵੀ ਤਾਇਨਾਤ ਕੀਤੀ ਗਈ।
ਪਰਿਸਰ ਦੇ ਅੰਦਰ ਅਤੇ ਬਾਹਰ ਤਲਾਸ਼ੀ ਮੁਹਿੰਮ ਚਲਾਈ ਗਈ। ਵਿਧਾਨ ਸਭਾ ਭਵਨ ਦੇ ਬਾਹਰ ਕਰਮਚਾਰੀਆਂ ਅਤੇ ਹੋਰ ਲੋਕਾਂ ਨੂੰ ਸਾਵਧਾਨੀ ਵਜੋਂ ਰੋਕਿਆ ਗਿਆ, ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਲਗਭਗ ਤਿੰਨ ਘੰਟੇ ਤੱਕ ਚੱਲੇ ਸਰਚ ਆਪ੍ਰੇਸ਼ਨ ਤੋਂ ਬਾਅਦ ਕਿਸੇ ਵੀ ਸ਼ੱਕੀ ਵਸਤੂ, ਬੰਬ ਜਾਂ ਵਿਸਫੋਟਕ ਸਮੱਗਰੀ ਦੇ ਨਾ ਮਿਲਣ ‘ਤੇ ਕੰਪਲੈਕਸ ਨੂੰ ਸੁਰੱਖਿਅਤ ਘੋਸ਼ਿਤ ਕਰ ਦਿੱਤਾ ਗਿਆ। ਹਾਲਾਂਕਿ, ਸੁਰੱਖਿਆ ਦੇ ਮੱਦੇਨਜ਼ਰ ਹਾਈ ਅਲਰਟ ਅਜੇ ਵੀ ਜਾਰੀ ਹੈ।
ਦੱਸ ਦਈਏ ਕਿ ਇਸ ਅਪ੍ਰੈਲ ਮਹੀਨੇ ਵਿੱਚ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਇਹ ਤੀਜੀ ਧਮਕੀ ਹੈ। ਇਸ ਤੋਂ ਪਹਿਲਾਂ 14 ਅਪ੍ਰੈਲ ਨੂੰ ਧਮਕੀ ਭਰੀ ਈਮੇਲ ਆਈ ਸੀ। ਇਸ ਤੋਂ ਬਾਅਦ 24 ਅਪ੍ਰੈਲ ਨੂੰ ਫਿਰ ਤੋਂ ਧਮਕੀ ਭਰੀ ਈਮੇਲ ਆਈ ਅਤੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ।























