Punjab: DSP ਯੋਗੇਸ਼ ਕੁਮਾਰ ਦੀ ਗੋਲੀ ਲੱਗਣ ਨਾਲ ਮੌਤ
ਚੰਡੀਗੜ੍ਹ, 21 ਅਪ੍ਰੈਲ 2026 (ਵਿਸ਼ਵ ਵਾਰਤਾ): ਐਂਟੀ-ਨਾਰਕੋਟਿਕਸ ਟਾਸਕ ਫੋਰਸ (ANTF) ਵਿੱਚ ਤਾਇਨਾਤ ਡੀਐਸਪੀ ਯੋਗੇਸ਼ ਕੁਮਾਰ ਸ਼ਰਮਾ ਦੀ ਅੱਜ ਫਗਵਾੜਾ ਸਥਿਤ ਆਪਣੀ ਸਰਕਾਰੀ ਰਿਹਾਇਸ਼ ‘ਤੇ ਗੋਲੀ ਲੱਗਣ ਕਾਰਨ ਮੌਤ ਹੋ ਗਈ। ਪੁਲਿਸ ਅਨੁਸਾਰ ਡੀਐਸਪੀ ਆਪਣੀ ਸਰਕਾਰੀ ਰਿਵਾਲਵਰ ਸਾਫ਼ ਕਰ ਰਹੇ ਸਨ। ਇਸੇ ਦੌਰਾਨ ਗੋਲੀ ਚੱਲ ਗਈ ਅਤੇ ਉਨ੍ਹਾਂ ਦੀ ਛਾਤੀ ਵਿੱਚ ਜਾ ਲੱਗੀ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਤੁਰੰਤ ਹਸਪਤਾਲ ਲੈ ਕੇ ਪਹੁੰਚੇ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਖ਼ੁਦਕੁਸ਼ੀ ਦਾ ਮਾਮਲਾ ਹੈ ਜਾਂ ਗਲਤੀ ਨਾਲ ਗੋਲੀ ਚੱਲਣ ਕਾਰਨ ਉਨ੍ਹਾਂ ਦੀ ਜਾਨ ਗਈ ਹੈ।
ਇਹ ਘਟਨਾ ਸਵੇਰੇ ਕਰੀਬ ਸਾਢੇ 7 ਵਜੇ ਦੀ ਦੱਸੀ ਜਾ ਰਹੀ ਹੈ। ਉਸ ਸਮੇਂ ਡੀਐਸਪੀ ਯੋਗੇਸ਼ ਕੁਮਾਰ ਆਪਣੇ ਪਰਿਵਾਰਕ ਮੈਂਬਰਾਂ ਪਤਨੀ, ਮਾਤਾ-ਪਿਤਾ, ਬੇਟਾ ਅਤੇ ਬੇਟੀ ਸਮੇਤ ਘਰ ਵਿੱਚ ਹੀ ਮੌਜੂਦ ਸਨ। ਘਟਨਾ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਕਪੂਰਥਲਾ ਦੀ ਐਸਪੀ ਨੇ ਕਿਹਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲੇ ਵਿੱਚ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਇਹ ਮਾਮਲਾ ਗਲਤੀ ਨਾਲ ਗੋਲੀ ਚੱਲਣ ਦਾ ਹੀ ਜਾਪਦਾ ਹੈ। ਦੱਸਣਯੋਗ ਹੈ ਕਿ ਤਿੰਨ ਦਿਨ ਪਹਿਲਾਂ ਹੀ ਉਨ੍ਹਾਂ ਦੀ ਬਦਲੀ ਚੰਡੀਗੜ੍ਹ ਹੋਈ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















