Iran – ਅਮਰੀਕਾ ਵਿਚਾਲੇ ਭਲਕੇ ਮੁੜ ਹੋਵੇਗੀ ਸ਼ਾਂਤੀ ਵਾਰਤਾ
– ਦੂਜੇ ਦੌਰ ਦੀ ਗੱਲਬਾਤ ਤੋਂ ਪਹਿਲਾਂ ਟਰੰਪ ਨੇ ਇਰਾਨ ਨੂੰ ਦਿੱਤੀ ਨਵੀ ਧਮਕੀ! ਪੜ੍ਹੋ ਕੀ ਕਿਹਾ
ਅਮਰੀਕਾ, 19 ਅਪ੍ਰੈਲ (ਵਿਸ਼ਵ ਵਾਰਤਾ): ਅਮਰੀਕਾ ਅਤੇ ਇਰਾਨ ਵਿਚਾਲੇ ਕੱਲ੍ਹ ਪਾਕਿਸਤਾਨ ਦੇ ਇਸਲਾਮਾਬਾਦ ਵਿੱਚ ਦੂਜੇ ਦੌਰ ਦੀ ਗੱਲਬਾਤ ਹੋਣ ਜਾ ਰਹੀ ਹੈ। ਹਾਲਾਂਕਿ, ਇਸ ਐਲਾਨ ਦੇ ਨਾਲ ਹੀ ਟਰੰਪ ਨੇ ਇਰਾਨ ਨੂੰ ਇਕ ਨਵੀ ਧਮਕੀ ਵੀ ਦਿੱਤੀ ਹੈ ਕਿ ਜੇਕਰ ਕੱਲ੍ਹ ਸਮਝੌਤਾ ਨਾ ਹੋਇਆ, ਤਾਂ ਇਰਾਨ ਦੇ ਹਰੇਕ ਪਾਵਰ ਪਲਾਂਟ ਅਤੇ ਪੁਲ ਨੂੰ ਤਬਾਹ ਕਰ ਦਿੱਤਾ ਜਾਵੇਗਾ।

ਟਰੰਪ ਨੇ ਕਿਹਾ ਹੈ ਕਿ ਸਾਡੀ ਟੀਮ ਕੱਲ੍ਹ (ਸੋਮਵਾਰ ਨੂੰ) ਪਾਕਿਸਤਾਨ ਦੇ ਇਸਲਾਮਾਬਾਦ ਜਾ ਰਹੀ ਹੈ। ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇੱਕ ਨਵੀਂ ਪਾਰਦਰਸ਼ੀ ਅਤੇ ਉਚਿਤ ਡੀਲ (ਸੌਦਾ) ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਰਾਨੀਆਂ ਨੇ ਹੁਣ ਵੀ ਇਸ ਡੀਲ ਨੂੰ ਨਾ ਮੰਨਿਆ, ਤਾਂ ਅਸੀਂ ਉਨ੍ਹਾਂ ਦੇ ਪਾਵਰ ਪਲਾਂਟ ਅਤੇ ਪੁਲ ਤਬਾਹ ਕਰ ਦੇਵਾਂਗੇ। ਟਰੰਪ ਨੇ ‘ਟਰੂਥ ਸੋਸ਼ਲ’ ਮੀਡੀਆ ‘ਤੇ ਇੱਕ ਪੋਸਟ ਰਾਹੀਂ ਤਹਿਰਾਨ ਨੂੰ ਇਹ ਧਮਕੀ ਜਾਰੀ ਕੀਤੀ ਹੈ।
ਟਰੰਪ ਨੇ ਆਪਣੀ ਪੋਸਟ ਵਿੱਚ ਅੱਗੇ ਲਿਖਿਆ, “ਅਮਰੀਕਾ ਨੂੰ ਕੋਈ ਨੁਕਸਾਨ ਨਹੀਂ ਹੋ ਰਿਹਾ। ਸਗੋਂ, ਕਈ ਜਹਾਜ਼ ਹੁਣ ਅਮਰੀਕਾ ਵੱਲ ਜਾ ਰਹੇ ਹਨ—ਤੇਲ ਲੋਡ ਕਰਨ ਲਈ ਟੈਕਸਾਸ, ਲੁਈਸਿਆਨਾ ਅਤੇ ਅਲਾਸਕਾ। ਇਹ ਸਭ IRGC ਦੀ ਮਿਹਰਬਾਨੀ ਨਾਲ ਹੋ ਰਿਹਾ ਹੈ, ਜੋ ਹਮੇਸ਼ਾ ‘ਤਾਕਤਵਰ’ ਬਣਨ ਦੀ ਕੋਸ਼ਿਸ਼ ਕਰਦੇ ਹਨ! ਅਸੀਂ ਇੱਕ ਬਹੁਤ ਹੀ ਨਿਰਪੱਖ ਅਤੇ ਉਚਿਤ ਡੀਲ ਪੇਸ਼ ਕਰ ਰਹੇ ਹਾਂ। ਮੈਨੂੰ ਉਮੀਦ ਹੈ ਕਿ ਉਹ ਇਸਨੂੰ ਸਵੀਕਾਰ ਕਰ ਲੈਣਗੇ, ਕਿਉਂਕਿ ਜੇਕਰ ਨਹੀਂ ਕੀਤਾ ਤਾਂ ਸੰਯੁਕਤ ਰਾਜ ਅਮਰੀਕਾ ਇਰਾਨ ਦੇ ਹਰ ਪਾਵਰ ਪਲਾਂਟ ਅਤੇ ਹਰ ਪੁਲ ਨੂੰ ਤਬਾਹ ਕਰ ਦੇਵੇਗਾ। ਹੁਣ ਕੋਈ ਨਰਮ ਰੁਖ ਨਹੀਂ (NO MORE MR. NICE GUY!)! ਉਹ ਤੇਜ਼ੀ ਨਾਲ ਡਿੱਗਣਗੇ, ਆਸਾਨੀ ਨਾਲ ਡਿੱਗਣਗੇ। ਜੇਕਰ ਉਹ ਡੀਲ ਸਵੀਕਾਰ ਨਹੀਂ ਕਰਦੇ, ਤਾਂ ਜੋ ਕਰਨਾ ਪਵੇਗਾ ਉਹ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੋਵੇਗੀ—ਜੋ ਪਿਛਲੇ 47 ਸਾਲਾਂ ਤੋਂ ਹੋਰ ਰਾਸ਼ਟਰਪਤੀਆਂ ਨੂੰ ਇਰਾਨ ਨਾਲ ਕਰਨਾ ਚਾਹੀਦਾ ਸੀ। ਹੁਣ ਇਰਾਨ ਦੀ ਕਿਲਿੰਗ ਮਸ਼ੀਨ ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ!”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























