Rajasthan :ਅਜਮੇਰ ‘ਚ ਵੱਡਾ ਹਾਦਸਾ! 150 ਫੁੱਟ ਡੂੰਘੀ ਖੱਡ ‘ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ
– ਕਈ ਲੋਕਾਂ ਦੀ ਮੌਤ ਦੀ ਖਬਰ!
ਰਾਜਸਥਾਨ, 19 ਅਪ੍ਰੈਲ 2026 (ਵਿਸ਼ਵ ਵਾਰਤਾ): ਅਜਮੇਰ ਵਿੱਚ ਐਤਵਾਰ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਮੁਸਾਫਰਾਂ ਨਾਲ ਭਰੀ ਇੱਕ ਬੱਸ ਪੁਸ਼ਕਰ ਘਾਟੀ ਵਿੱਚ ਬੇਕਾਬੂ ਹੋ ਕੇ ਕਰੀਬ 150 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 28 ਲੋਕ ਜ਼ਖਮੀ ਹੋ ਗਏ ਹਨ। ਇਹਨਾਂ ਵਿੱਚੋਂ 5 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਸ਼ਕਰ ਜਾ ਰਹੀ ਇਸ ਬੱਸ ਵਿੱਚ 31 ਸਵਾਰੀਆਂ ਸਨ।
ਉਹ ਪੀਸਾਂਗਣ (ਅਜਮੇਰ) ਵਿੱਚ ਭਾਤ ਭਰਨ ਜਾ ਰਹੇ ਸਨ। ਇਸ ਦੌਰਾਨ ਪੁਸ਼ਕਰ ਦੀ ਘਾਟੀ ਵਿੱਚ ਬੱਸ ਬੇਕਾਬੂ ਹੋ ਗਈ। ਇਹ ਹਾਦਸਾ ਪੁਸ਼ਕਰ ਤੋਂ ਕਰੀਬ ਤਿੰਨ ਕਿਲੋਮੀਟਰ ਪਹਿਲਾਂ, ਸਾਂਝੀਸਰ ਤੋਂ ਅੱਗੇ ਘਾਟੀ ਇਲਾਕੇ ਵਿੱਚ ਵਾਪਰਿਆ, ਜਿੱਥੇ ਅਚਾਨਕ ਬੱਸ ਚਾਲਕ ਦਾ ਵਾਹਨ ਤੋਂ ਕੰਟਰੋਲ ਹਟ ਗਿਆ ਅਤੇ ਬੱਸ ਖੱਡ ਵਿੱਚ ਜਾ ਡਿੱਗੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰਦਿਆਂ ਕੱਪੜਿਆਂ ਦੀਆਂ ਰੱਸੀਆਂ ਬਣਾ ਕੇ ਜ਼ਖਮੀਆਂ ਨੂੰ ਖੱਡ ਵਿੱਚੋਂ ਬਾਹਰ ਕੱਢਣਾ ਸ਼ੁਰੂ ਕੀਤਾ ।
ਜ਼ਖਮੀਆਂ ਨੂੰ ਪੁਸ਼ਕਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਅਜਮੇਰ ਦੇ ਜੇ.ਐਲ.ਐਨ (JLN) ਹਸਪਤਾਲ ਰੈਫਰ ਕਰ ਦਿੱਤਾ ਗਿਆ। ਹਾਦਸੇ ਤੋਂ ਬਾਅਦ ਪੁਸ਼ਕਰ ਘਾਟੀ ਵਿੱਚ ਲੰਬਾ ਜਾਮ ਲੱਗ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਫਿਲਹਾਲ ਮੌਕੇ ‘ਤੇ SDRF, ਸਿਵਲ ਡਿਫੈਂਸ ਅਤੇ ਪੁਲਿਸ ਪ੍ਰਸ਼ਾਸਨ ਨੇ ਬਚਾਅ ਮੁਹਿੰਮ ਚਲਾਈ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।























