Chhattisgarh: ਵੇਦਾਂਤਾ ਪਾਵਰ ਪਲਾਂਟ ‘ਚ ਵੱਡਾ ਹਾਦਸਾ! ਬਾਇਲਰ ਫਟਣ ਨਾਲ 10 ਦੀ ਮੌਤ
ਕਈ ਮਜ਼ਦੂਰਾਂ ਦੀ ਹਾਲਤ ਗੰਭੀਰ
ਛੱਤੀਸਗੜ੍ਹ, 14 ਅਪ੍ਰੈਲ 2026 (ਵਿਸ਼ਵ ਵਾਰਤਾ): ਸਾਕਤੀ ਜ਼ਿਲ੍ਹੇ ਦੇ ਸਿੰਘੀਤਰਾਈ ਸਥਿਤ ਵੇਦਾਂਤਾ ਪਾਵਰ ਪਲਾਂਟ ਵਿੱਚ ਮੰਗਲਵਾਰ ਨੂੰ ਇੱਕ ਭਿਆਨਕ ਹਾਦਸਾ ਵਾਪਰ ਗਿਆ। ਪਲਾਂਟ ਵਿੱਚ ਲੱਗੇ ਬਾਇਲਰ ਦੇ ਅਚਾਨਕ ਫਟਣ ਨਾਲ ਜ਼ੋਰਦਾਰ ਧਮਾਕਾ ਹੋਇਆ, ਜਿਸ ਕਾਰਨ ਹਫੜਾ ਦਫੜੀ ਮਚ ਗਈ। ਇਸ ਦਰਦਨਾਕ ਘਟਨਾ ਵਿੱਚ ਹੁਣ ਤੱਕ 10 ਮਜ਼ਦੂਰਾਂ ਦੀ ਮੌਤ ਹੋ ਗਈ ਹੈ। 12 ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਜ਼ਦੂਰ 80% ਤੱਕ ਝੁਲਸ ਗਏ ਹਨ।
ਜਾਣਕਾਰੀ ਮੁਤਾਬਕ ਸਿੰਘੀਤਰਾਈ ਸਥਿਤ ਵੇਦਾਂਤਾ ਪਾਵਰ ਪਲਾਂਟ ਵਿੱਚ ਰੋਜ਼ਾਨਾ ਦੀ ਤਰ੍ਹਾਂ ਆਮ ਕੰਮ ਚੱਲ ਰਿਹਾ ਸੀ। ਇਸ ਦੌਰਾਨ ਅਚਾਨਕ ਦੁਪਹਿਰ ਕਰੀਬ 2 ਵਜੇ ਬਾਇਲਰ ਬਲਾਸਟ ਹੋ ਗਿਆ। ਹਾਦਸੇ ਵਿੱਚ 30 ਤੋਂ 40 ਮਜ਼ਦੂਰ ਗੰਭੀਰ ਰੂਪ ਵਿੱਚ ਝੁਲਸ ਗਏ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ, ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਟਿਊਬ ਫਟਣ ਕਾਰਨ ਇਹ ਹਾਦਸਾ ਵਾਪਰਿਆ ਹੈ। ਜ਼ਖਮੀਆਂ ਨੂੰ ਖਰਸੀਆ ਦੇ ਪਦਮਾਵਤੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਮੌਕੇ ‘ਤੇ ਐਡੀਸ਼ਨਲ ਐਸ.ਪੀ. ਸਮੇਤ ਭਾਰੀ ਪੁਲਿਸ ਫੋਰਸ ਤਾਇਨਾਤ ਹੈ। ਸਾਕਤੀ ਦੇ ਕਲੈਕਟਰ ਅੰਮ੍ਰਿਤ ਵਿਕਾਸ ਤੋਪਨੋ ਵੀ ਪਲਾਂਟ ਪਹੁੰਚ ਚੁੱਕੇ ਹਨ। ਮੁੱਖ ਮੰਤਰੀ ਵਿਸ਼ਨੂੰਦੇਵ ਸਾਇ ਨੇ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ‘ਐਕਸ’ (ਟਵਿੱਟਰ) ‘ਤੇ ਲਿਖਿਆ ਕਿ ਪੀੜਤਾਂ ਲਈ ਉਚਿਤ ਮੁਆਵਜ਼ੇ ਅਤੇ ਜ਼ਖਮੀਆਂ ਦੇ ਇਲਾਜ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ।
ਇਸ ਦਰਦਨਾਕ ਹਾਦਸੇ ਤੋਂ ਬਾਅਦ ਛੱਤੀਸਗੜ੍ਹ ਸਰਕਾਰ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਕਿਰਤ ਮੰਤਰੀ ਲਖਨਲਾਲ ਦੇਵਾਂਗਨ ਨੇ ਤੁਰੰਤ ਜਾਂਚ ਦੇ ਨਿਰਦੇਸ਼ ਦਿੱਤੇ ਹਨ ਅਤੇ ਦੋਸ਼ੀਆਂ ਖ਼ਿਲਾਫ਼ ਕਿਰਤ ਕਾਨੂੰਨਾਂ ਤਹਿਤ ਸਖ਼ਤ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























