Chandigarh ਪ੍ਰਾਪਰਟੀ ਡੀਲਰ ਦੇ ਕਤਲ ਮਾਮਲੇ ‘ਚ ਵੱਡੀ ਕਾਰਵਾਈ, ਮੁੱਖ ਮੁਲਜ਼ਮਾਂ ਦਾ ਐਨਕਾਊਟਰ!
ਚੰਡੀਗੜ੍ਹ, 19 ਮਾਰਚ 2026 (ਵਿਸ਼ਵ ਵਾਰਤਾ) – ਚੰਡੀਗੜ੍ਹ ਦੇ ਸੈਕਟਰ-9 ਵਿੱਚ ਬੀਤੇ ਕੱਲ੍ਹ ਹੋਏ ਪ੍ਰਾਪਰਟੀ ਡੀਲਰ ਦੇ ਕਤਲ ਮਾਮਲੇ ‘ਚ ਪੁਲਿਸ ਵੱਲੋਂ ਹੁਣ ਵੱਡੀ ਕਾਰਵਾਈ ਕੀਤੀ ਗਈ ਹੈ ਦੱਸ ਦਈਏ ਕਿ ਦੋਵੇਂ ਮੁਲਜ਼ਮਾਂ ਦਾ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਹੈ। ਪੁਲਿਸ ਦੀ ਗੋਲ਼ੀ ਨਾਲ ਦੋਵੇਂ ਮੁਲਜ਼ਮ ਜ਼ਖਮੀ ਹੋਏ ਹਨ। ਇਹ ਮੁਕਾਬਲਾ ਕੈਥਲ ਵਿੱਚ ਹੋਇਆ ਅਤੇ ਇਹ ਕਾਰਵਾਈ ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਵੱਲੋਂ ਕੀਤੀ ਗਈ।
ਪੁਲਿਸ ਅਨੁਸਾਰ ਗ੍ਰਿਫ਼ਤਾਰੀ ਦੌਰਾਨ ਮੁਲਜ਼ਮਾਂ ਨੇ ਪੁਲਿਸ ‘ਤੇ ਫਾਇਰਿੰਗ ਕੀਤੀ, ਜਿਸ ਦੇ ਜਵਾਬ ਵਿੱਚ ਪੁਲਿਸ ਨੇ ਵੀ ਕਾਰਵਾਈ ਕੀਤੀ। ਇਸ ਦੌਰਾਨ ਦੋਵੇਂ ਮੁਲਜ਼ਮ ਜ਼ਖ਼ਮੀ ਹੋ ਗਏ। ਪੁਲਿਸ ਨੇ ਮੁਲਜ਼ਮਾਂ ਕੋਲੋਂ ਕਤਲ ਵਿੱਚ ਵਰਤਿਆ ਗਿਆ ਮੋਟਰਸਾਈਕਲ ਅਤੇ ਹਥਿਆਰ ਵੀ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਰਾਜਨ ਉਰਫ਼ ਪੀਯੂਸ਼ ਪਹਿਲਵਾਨ ਨਿਵਾਸੀ ਫ਼ਿਰੋਜ਼ਪੁਰ ਅਤੇ ਪ੍ਰੀਤਮ ਸ਼ਾਹ ਨਿਵਾਸੀ ਨਵਾਂਸ਼ਹਿਰ ਵਜੋਂ ਹੋਈ ਹੈ। ਪੁਲਿਸ ਮੁਤਾਬਕ ਰਾਜਨ ਕੁਝ ਸਮਾਂ ਪਹਿਲਾਂ ਮਲੇਸ਼ੀਆ ਤੋਂ ਨੇਪਾਲ ਦੇ ਰਸਤੇ ਗੈਰ-ਕਾਨੂੰਨੀ ਢੰਗ ਨਾਲ ਭਾਰਤ ਪਰਤਿਆ ਸੀ। ਦੋਵਾਂ ਖ਼ਿਲਾਫ਼ ਪਹਿਲਾਂ ਹੀ ਕਈ ਅਪਰਾਧਿਕ ਮਾਮਲੇ ਦਰਜ ਹਨ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਚੰਡੀਗੜ੍ਹ ਦੇ ਸੈਕਟਰ-9 ਵਿੱਚ ਇੱਕ ਪ੍ਰਾਪਰਟੀ ਡੀਲਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਵਿੱਚ ਮਾਰੇ ਗਏ ਨੌਜਵਾਨ ਦੀ ਪਛਾਣ ਚੀਨੀ ਕੁਬਾਹੇਰੀ (31) ਵਜੋਂ ਹੋਈ। ਉਹ ਜਿਮ ਵਿੱਚੋਂ ਨਿਕਲ ਕੇ ਆਪਣੀ ਗੱਡੀ ਵਿੱਚ ਬੈਠ ਰਿਹਾ ਸੀ ਕਿ ਉਦੋਂ ਹੀ ਬਾਈਕ ਸਵਾਰ ਦੋ ਹਮਲਾਵਰਾਂ ਨੇ ਉਸ ‘ਤੇ ਤਾਬੜਤੋੜ 12 ਰਾਊਂਡ ਫਾਇਰਿੰਗ ਕਰ ਦਿੱਤੀ। ਗੋਲੀਆਂ ਲੱਗਣ ਤੋਂ ਬਾਅਦ ਉਹ ਡਰਾਈਵਿੰਗ ਸੀਟ ‘ਤੇ ਹੀ ਡਿੱਗ ਗਿਆ। ਘਟਨਾ ਸਥਾਨ ‘ਤੇ ਮੌਜੂਦ ਫਾਰਚੂਨਰ ਗੱਡੀ ਵਿੱਚ ਉਨ੍ਹਾਂ ਦੇ ਸਾਥੀ ਉਨ੍ਹਾਂ ਨੂੰ ਤੁਰੰਤ ਹਸਪਤਾਲ ਲੈ ਗਏ, ਪਰ ਜ਼ਖ਼ਮ ਗੰਭੀਰ ਹੋਣ ਕਾਰਨ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























