Chandigarh ਪੰਜਾਬ ਯੂਨੀਵਰਸਿਟੀ ‘ਚ ਚੱਲੀਆਂ ਗੋਲੀਆਂ!
ਚੰਡੀਗੜ੍ਹ, 17 ਮਾਰਚ – (ਵਿਸ਼ਵ ਵਾਰਤਾ): ਪੰਜਾਬ ਯੂਨੀਵਰਸਿਟੀ ਵਿਖੇ ਦੇਰ ਸ਼ਾਮ ਫਾਇਰਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੋ ਨੌਜਵਾਨ ਸਕੂਟੀ ‘ਤੇ ਸਵਾਰ ਹੋ ਕੇ ਆਏ ਅਤੇ ਬੋਟਨੀ ਵਿਭਾਗ ਦੀ ਪਾਰਕਿੰਗ ਦੇ ਸਾਹਮਣੇ ਇਕ ਵਿਅਕਤੀ ‘ਤੇ ਦੋ ਰਾਊਂਡ ਗੋਲੀਆਂ ਚਲਾਈਆਂ। ਫਿਲਹਾਲ ਇਸ ਘਟਨਾ ਵਿਚ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਡੀ.ਐੱਸ.ਪੀ. ਦਲਬੀਰ ਅਤੇ ਥਾਣਾ ਸੈਕਟਰ-11 ਦੇ ਐੱਸ.ਐੱਚ.ਓ. ਇੰਸਪੈਕਟਰ ਜਸਪਾਲ ਭੁੱਲਰ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਜਾਂਚ ਲਈ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਹੈ ਅਤੇ ਪੁਲਿਸ ਨੇ ਮੌਕੇ ਤੋਂ ਦੋ ਖਾਲੀ ਖੋਲ ਬਰਾਮਦ ਕੀਤੇ ਹਨ।
ਡੀ.ਐੱਸ.ਪੀ. ਦਲਬੀਰ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋ ਗੋਲੀਆਂ ਚੱਲੀਆਂ ਹਨ। ਸਾਰੇ ਸੀ.ਸੀ.ਟੀ.ਵੀ. (CCTV) ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਮੁਲਜ਼ਮਾਂ ਦੀ ਭਾਲ ਲਈ ਪੁਲਿਸ ਦੀਆਂ ਟੀਮਾਂ ਬਣਾ ਦਿੱਤੀਆਂ ਗਈਆਂ ਹਨ, ਉਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੱਸ ਦਈਏ ਕਿ ਭਲਕੇ ਯਾਨੀ ਕਿ ਬੁੱਧਵਾਰ ਨੂੰ ਇੱਥੇ ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਦਾ ਪ੍ਰੋਗਰਾਮ ਹੋਣਾ ਵੀ ਤੈਅ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























