Bollywood : ਅਦਾਕਾਰ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ
ਮੁੰਬਈ, 17 ਮਾਰਚ 2026 (ਵਿਸ਼ਵ ਵਾਰਤਾ) – ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਪਿਤਾ ਅਤੇ ਸਕ੍ਰਿਪਟ ਰਾਈਟਰ ਸਲੀਮ ਖਾਨ ਨੂੰ ਅੱਜ ਮੁੰਬਈ ਦੇ ਲੀਲਾਵਤੀ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। 90 ਸਾਲਾ ਸਲੀਮ ਖਾਨ ਨੂੰ ਬ੍ਰੇਨ ਹੈਮਰੇਜ ਕਾਰਨ 17 ਫਰਵਰੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਲਗਭਗ ਇੱਕ ਮਹੀਨੇ ਤੱਕ ਚੱਲੇ ਇਲਾਜ ਤੋਂ ਬਾਅਦ ਹੁਣ ਉਨ੍ਹਾਂ ਦੀ ਸਿਹਤ ਵਿੱਚ ਕਾਫ਼ੀ ਸੁਧਾਰ ਹੈ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ।
ਹਸਪਤਾਲ ਦੇ ਸੂਤਰਾਂ ਅਨੁਸਾਰ, ਵਧਦੀ ਉਮਰ ਕਾਰਨ ਉਨ੍ਹਾਂ ਨੂੰ ਕੁਝ ਮੁਸ਼ਕਲਾਂ ਆ ਰਹੀਆਂ ਸਨ। ਜਾਂਚ ਦੌਰਾਨ ਮਾਮੂਲੀ ਬ੍ਰੇਨ ਹੈਮਰੇਜ ਦੀ ਗੱਲ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਨਿਊਰੋਸਰਜਨ ਨੇ ਉਨ੍ਹਾਂ ਦੀ ਇੱਕ ਛੋਟੀ ਸਰਜਰੀ ਕੀਤੀ ਸੀ। ਉਨ੍ਹਾਂ ਦੀ ਉਮਰ ਕਾਰਨ ਠੀਕ ਹੋਣ ਵਿੱਚ ਥੋੜ੍ਹਾ ਸਮਾਂ ਲੱਗਿਆ, ਪਰ ਹੁਣ ਉਹ ਪੂਰੀ ਤਰ੍ਹਾਂ ਠੀਕ ਹਨ।
ਇਲਾਜ ਦੇ ਸ਼ੁਰੂਆਤੀ ਦੌਰ ਵਿੱਚ ਸਲੀਮ ਖਾਨ ਨੂੰ ਕੁਝ ਸਮੇਂ ਲਈ ਵੈਂਟੀਲੇਟਰ ‘ਤੇ ਵੀ ਰੱਖਿਆ ਗਿਆ ਸੀ। ਸਲੀਮ ਖਾਨ ਦੇ ਹਸਪਤਾਲ ਵਿੱਚ ਰਹਿਣ ਦੌਰਾਨ ਪੂਰਾ ਖਾਨ ਪਰਿਵਾਰ ਉਨ੍ਹਾਂ ਦੇ ਨਾਲ ਖੜ੍ਹਾ ਰਿਹਾ। ਬੇਟੇ ਸਲਮਾਨ ਖਾਨ, ਅਰਬਾਜ਼ ਖਾਨ ਅਤੇ ਸੋਹੇਲ ਖਾਨ ਲਗਾਤਾਰ ਹਸਪਤਾਲ ਪਹੁੰਚਦੇ ਰਹੇ। ਸ਼ਾਹਰੁਖ ਖਾਨ ਅਤੇ ਆਮਿਰ ਖਾਨ ਸਣੇ ਕਉ ਫ਼ਿਲਮੀ ਸਿਤਾਰੇ ਵੀ ਸਲੀਮ ਖਾਨ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਪੁੱਜੇ ਸਨ ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























