Punjab: ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ ਗੁਰਦਾਸ ਮਾਨ
– ਛੋਟੇ ਸਿੱਧੂ ਦੇ ਪੈਰੀਂ ਲਾਏ ਹੱਥ
ਮਾਨਸਾ, 15 ਮਾਰਚ 2026 (ਵਿਸ਼ਵ ਵਾਰਤਾ) – ਪੰਜਾਬੀ ਸੰਗੀਤ ਜਗਤ ਦੇ ਨਾਮੀ ਗਾਇਕ ਗੁਰਦਾਸ ਮਾਨ ਅੱਜ ਐਤਵਾਰ ਸਵੇਰੇ ਸਵਰਗੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹਵੇਲੀ ‘ਚ ਪਰਿਵਾਰ ਨੂੰ ਮਿਲਣ ਲਈ ਪਹੁੰਚੇ। ਜਦੋਂ ਉਹ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ ਤਾਂ ਉਨ੍ਹਾਂ ਨੇ ਪਹਿਲਾਂ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਅਤੇ ਫੇਰ ਛੋਟੇ ਸਿੱਧੂ ਮੂਸੇਵਾਲਾ ਦੇ ਪੈਰ ਛੂਹੇ। ਇਸ ਦੌਰਾਨ ਉਹ ਛੋਟੇ ਸਿੱਧੂ ਮੂਸੇਵਾਲਾ ਨੂੰ ਦੇਖ ਕੇ ਵਾਰ-ਵਾਰ ਇੱਕ ਹੀ ਲਾਈਨ ਬੋਲ ਰਹੇ ਸਨ ਕਿ ‘ਬਿਲਕੁਲ ਹੂ-ਬ-ਹੂ’।
ਹਵੇਲੀ ‘ਚ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਅਤੇ ਫੇਰ ਛੋਟੇ ਸਿੱਧੂ ਮੂਸੇਵਾਲਾ ਨੂੰ ਮਿਲਣ ਤੋਂ ਬਾਅਦ ਗੁਰਦਾਸ ਮਾਨ ਨੇ ਮਰਹੂਮ ਸਿੱਧੂ ਮੂਸੇਵਾਲਾ ਦੀ ਫੋਟੋ ਨੂੰ ਮੱਥਾ ਟੇਕਿਆ ਅਤੇ ਉਸਨੂੰ ਸਲਾਮ ਕੀਤਾ। ਮੁਲਾਕਾਤ ਦੌਰਾਨ, ਗੁਰਦਾਸ ਮਾਨ ਨੇ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਪ੍ਰਤੀ ਸਤਿਕਾਰ ਪ੍ਰਗਟ ਕਰਦੇ ਹੋਏ, ਉਸਦੇ ਪੈਰ ਛੂਹਣ ਦੀ ਕੋਸ਼ਿਸ਼ ਕੀਤੀ। ਮਾਤਾ ਚਰਨ ਕੌਰ ਨੇ ਉਸਨੂੰ ਰੋਕਿਆ ਅਤੇ ਕਿਹਾ, “ਤੁਸੀਂ ਵੱਡੇ ਹੋ, ਅਜਿਹਾ ਨਾ ਕਰੋ।”
ਦੱਸ ਦਈਏ ਕਿ ਗੁਰਦਾਸ ਮਾਨ ਬੀਤੀ ਰਾਤ ਇੱਕ ਨਿੱਜੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਮਾਨਸਾ ਆਏ ਹੋਏ ਸਨ। ਜਿਸ ਤੋਂ ਬਾਅਦ ਉਹ ਅੱਜ ਸਵੇਰੇ ਮਰਹੂਮ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਦੇ ਲਈ ਹਵੇਲੀ ਪਹੁੰਚੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















