Kuldeep Yadav Wedding : ਵਿਆਹ ਦੇ ਬੰਧਨ ‘ਚ ਬੱਝੇ ਕ੍ਰਿਕਟਰ ਕੁਲਦੀਪ ਯਾਦਵ; ਮਸੂਰੀ ਦੇ ਹੋਟਲ ‘ਚ ਵੰਸ਼ਿਕਾ ਨਾਲ ਲਏ ਫੇਰੇ
– ਕ੍ਰਿਕਟ ਜਗਤ ਦੇ ਕਈ ਸਿਤਾਰਿਆਂ ਨੇ ਵਿਆਹ ਸਮਾਰੋਹ ‘ਚ ਕੀਤੀ ਸ਼ਿਰਕਤ
– ‘ਸ਼ਾਹੀ’ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ
ਨਵੀ ਦਿੱਲੀ, 14 ਮਾਰਚ (ਵਿਸ਼ਵ ਵਾਰਤਾ) – ਭਾਰਤੀ ਕ੍ਰਿਕਟ ਟੀਮ ਦੇ ਗੇਂਦਬਾਜ਼ ਕੁਲਦੀਪ ਯਾਦਵ ਅਤੇ ਵੰਸ਼ਿਕਾ ਦੇ ਵਿਆਹ ਦਾ ਜਸ਼ਨ ਉੱਤਰਾਖੰਡ ਦੇ ਮਸੂਰੀ ਸਥਿਤ ਸੇਵੌਏ (Savoy) ਹੋਟਲ ਜਾਰੀ ਹੈ। ਕੁਲਦੀਪ ਯਾਦਵ ਅੱਜ ਆਪਣੀ ਬਚਪਨ ਦੀ ਦੋਸਤ ਵੰਸ਼ਿਕਾ ਸਿੰਘ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਮਸੂਰੀ ਸਥਿਤ ਆਈ.ਟੀ.ਸੀ. ਸੇਵੌਏਹੋਟਲ ਵਿੱਚ ਸ਼ਾਹੀ ਅੰਦਾਜ਼ ਵਿੱਚ ਦੋਵਾਂ ਨੇ ਫੇਰੇ ਲਏ। ਪਿਛਲੇ ਤਿੰਨ ਦਿਨਾਂ ਤੋਂ ਇੱਥੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ।

ਜੈਮਾਲਾ ਲਈ ਮੰਚ ਵੱਲ ਜਾਂਦੇ ਸਮੇਂ ਕੁਲਦੀਪ ਯਾਦਵ ਅਤੇ ਵੰਸ਼ਿਕਾ ਸਿੰਘ ਨੇ ਇੱਕ-ਦੂਜੇ ਦਾ ਹੱਥ ਫੜੀ ਨਜ਼ਰ ਆਏ। ਇਸ ਤੋਂ ਬਾਅਦ ਦੋਵਾਂ ਨੇ ਜੈਮਾਲਾ ਦੀ ਰਸਮ ਪੂਰੀ ਕੀਤੀ ਅਤੇ ਫਿਰ ਰਵਾਇਤੀ ਰੀਤੀ-ਰਿਵਾਜਾਂ ਨਾਲ ਵਿਆਹ ਦੀਆਂ ਬਾਕੀ ਰਸਮਾਂ ਪੂਰੀਆਂ ਕੀਤੀਆਂ।

ਇਸ ਖਾਸ ਮੌਕੇ ‘ਤੇ ਕ੍ਰਿਕਟ ਜਗਤ ਦੇ ਕਈ ਸਿਤਾਰੇ ਵੀ ਸ਼ਾਮਿਲ ਹੋਏ। ਮਿਲੀ ਜਾਣਕਾਰੀ ਅਨੁਸਾਰ ਸਮਾਰੋਹ ਵਿੱਚ ਯੁਜਵੇਂਦਰ ਚਹਿਲ, ਰਿੰਕੂ ਸਿੰਘ, ਸੁਰੇਸ਼ ਰੈਨਾ ਅਤੇ ਭੁਵਨੇਸ਼ਵਰ ਕੁਮਾਰ ਅਤੇ ਸਾਬਕਾ ਕ੍ਰਿਕਟਰ ਮੁਹੰਮਦ ਕੈਫ ਵੀ ਸ਼ਾਮਲ ਹੋਏ। ਇਸ ਤੋਂ ਇਲਾਵਾ ਪ੍ਰਸਿੱਧ ਗਾਇਕ ਕੈਲਾਸ਼ ਖੇਰ ਅਤੇ ਫਿਲਮ ਅਦਾਕਾਰ ਕੁਨਾਲ ਕਪੂਰ ਵੀ ਸ਼ਾਮਲ ਹੋਏ। ਅਧਿਆਤਮਿਕ ਗੁਰੂ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਵੀ ਨਵ-ਵਿਆਹੇ ਜੋੜੇ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ ਹਨ।
ਦੱਸ ਦਈਏ ਕਿ ਵੰਸ਼ਿਕਾ ਕ੍ਰਿਕਟਰ ਕੁਲਦੀਪ ਯਾਦਵ ਦੀ ਬਚਪਨ ਦੀ ਦੋਸਤ ਹੈ। ਦੋਵੇਂ ਕਾਨਪੁਰ ਦੇ ਰਹਿਣ ਵਾਲੇ ਹਨ। ਵੰਸ਼ਿਕਾ ਨੇ ਮੈਲਬੌਰਨ ਤੋਂ ਪੜ੍ਹਾਈ ਕੀਤੀ ਹੈ। ਉਹ ਭਾਰਤੀ ਜੀਵਨ ਬੀਮਾ ਨਿਗਮ (LIC) ਵਿੱਚ ਕੰਮ ਕਰਦੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























