BJP ਦੀ ਬਦਲਾਅ ਰੈਲੀ : ਕੇਸਰੀ ਦਸਤਾਰ ਸਜਾ ਮੋਗਾ ਰੈਲੀ ’ਚ ਪੁੱਜੇ ਗ੍ਰਹਿ ਮੰਤਰੀ ਅਮਿਤ ਸ਼ਾਹ
ਮੋਗਾ, 14 ਮਾਰਚ 2026 (ਵਿਸ਼ਵ ਵਾਰਤਾ): ਪੰਜਾਬ ਵਿੱਚ ਵਿਧਾਨ ਸਭਾ ਚੋਣਾਂ-2027 ਤੋਂ ਪਹਿਲਾਂ ਭਾਜਪਾ ਅੱਜ ਮੋਗਾ ਵਿੱਚ ‘ਬਦਲਾਅ ਰੈਲੀ’ ਕਰ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੇਸਰੀ ਰੰਗ ਦੀ ਪੱਗ ਬੰਨ੍ਹ ਕੇ ਰੈਲੀ ‘ਚ ਪਹੁੰਚੇ। ਭਾਜਪਾ ਆਗੂਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, “ਅੱਜ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ। ਮੈਂ ਸਾਰੇ ਪੰਜਾਬ ਅਤੇ ਦੁਨੀਆ ਭਰ ਵਿੱਚ ਵਸਦੇ ਪੰਜਾਬ ਦੇ ਲੋਕਾਂ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੰਦਾ ਹਾਂ।”
ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਆਪਣੀ ਸਰਕਾਰ ਬਣਾਏਗੀ। ਗ੍ਰਹਿ ਮੰਤਰੀ ਦੇ ਇਸ ਬਿਆਨ ਨਾਲ ਅਕਾਲੀ ਦਲ ਨਾਲ ਗਠਜੋੜ ਦੀਆਂ ਅਟਕਲਾਂ ‘ਤੇ ਵਿਰਾਮ ਲੱਗ ਗਿਆ ਹੈ। ਸ਼ਾਹ ਨੇ ਕਿਹਾ- “ਜੇਕਰ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣਾ ਹੈ ਤਾਂ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਚਾਹੀਦੀ ਹੈ। ਪੰਜਾਬ ਕਰਜ਼ੇ, ਨਸ਼ਿਆਂ, ਧਰਮ ਪਰਿਵਰਤਨ, ਭ੍ਰਿਸ਼ਟਾਚਾਰ ਨਾਲ ਤਬਾਹ ਹੋ ਗਿਆ ਹੈ। ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਜੇਕਰ ਨੌਜਵਾਨਾਂ ਦੀ ਬੇਰੁਜ਼ਗਾਰੀ ਦੂਰ ਕਰਨੀ ਹੈ ਤਾਂ ਇੱਕ ਮੌਕਾ ਭਾਜਪਾ ਨੂੰ ਦੇ ਕੇ ਦੇਖੋ।”
ਗ੍ਰਹਿ ਮੰਤਰੀ ਨੇ ਕਿਹਾ- “ਲੋਕ ਸਭਾ ਚੋਣਾਂ 2024 ਵਿੱਚ ਸਾਨੂੰ 19 ਫੀਸਦੀ ਵੋਟਾਂ ਮਿਲੀਆਂ ਹਨ। ਜਿੱਥੇ 19 ਫੀਸਦੀ ਵੋਟਾਂ ਮਿਲਦੀਆਂ ਹਨ, ਉੱਥੇ ਅਗਲੀ ਸਰਕਾਰ ਭਾਜਪਾ ਦੀ ਹੀ ਬਣਦੀ ਹੈ। ਕਈ ਰਾਜਾਂ ਵਿੱਚ ਅਜਿਹਾ ਹੋਇਆ ਹੈ। ਹੁਣ ਪੰਜਾਬ ਦੀ ਵਾਰੀ ਹੈ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























