BIG NEWS: ਪੀ.ਐਮ.ਕਿਸਾਨ ਸਨਮਾਨ ਨਿਧੀ ਦਾ ਲਾਭ ਲੈਣ ਲਈ ਫਾਰਮਰ ਰਜਿਸਟਰੀ ਕਰਵਾਉਣਾ ਜ਼ਰੂਰੀ – ਮੁੱਖ ਖੇਤੀਬਾੜੀ ਅਫਸਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਮਾਰਚ (ਸਤੀਸ਼ ਕੁਮਾਰ ਪੱਪੀ);- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋਂ ਪੀ ਐਮ ਕਿਸਾਨ ਸਨਮਾਨ ਨਿਧੀ ਦਾ ਲਾਭ ਲੈ ਰਹੇ ਲਾਭਪਾਤਰੀ ਕਿਸਾਨਾਂ ਨੂੰ ਆਪਣੀਆਂ ਕਿਸ਼ਤਾਂ ਨੂੰ ਜਾਰੀ ਰੱਖਣ ਲਈ ਕੇਂਦਰੀ ਕਿਸਾਨ ਰਜਿਸਟਰੀ ਸਿਸਟਮ ਤਹਿਤ ਫਾਰਮਰ ਰਜਿਸਟਰੀ ਕਰਵਾਉਣਾ ਜ਼ਰੂਰੀ ਕਰ ਦਿੱਤਾ ਹੈ।
ਮੁੱਖ ਖੇਤੀਬਾੜੀ ਅਫ਼ਸਰ,ਐਸ.ਏ.ਐਸ ਨਗਰ ਸੁਖਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਕਿਸਾਨ ਸਨਮਾਨ ਨਿਧੀ ਦਾ ਲਾਭ ਲੈ ਰਹੇ ਕਿਸਾਨਾਂ ਨੂੰ ਰਜਿਸਟਰੇਸ਼ਨ ਆਈ.ਡੀ ਬਣਾਉਣ ਲਈ ਐਗਰੀਸਟੈਕ ਪੋਰਟਲ ‘ਤੇ ਰਜਿਸਟਰ ਹੋਣਾ ਲਾਜ਼ਮੀ ਹੋਵੇਗਾ। ਉਹਨਾਂ ਦੱਸਿਆ ਕਿ ਫਾਰਮਰ ਰਜਿਟਰੀ ਦਾ ਮੁੱਖ ਮੰਤਵ ਕਿਸਾਨਾਂ ਦਾ ਇੱਕ ਕੇਂਦਰਿਤ ਡਾਟਾਬੇਸ ਤਿਆਰ ਕਰਨਾ ਹੋਵੇਗਾ ਤਾਂ ਜੋ ਸਰਕਾਰ ਦੀਆਂ ਕਿਸਾਨ ਪੱਖੀ ਸਕੀਮਾਂ ਦਾ ਲਾਭ ਅਸਲੀ ਕਿਸਾਨ ਤੱਕ ਸਿੱਧੇ ਅਤੇ ਪਾਰਦਰਸ਼ੀ ਤਰੀਕੇ ਨਾਲ ਪਹੁੰਚ ਸਕੇ। ਉਹਨਾਂ ਨੇ ਕਿਹਾ ਕਿ ਭਵਿੱਖ ਵਿੱਚ ਪੀ. ਐਮ ਕਿਸਾਨ ਸਨਮਾਨ ਨਿਧੀ ਸਕੀਮ ਦਾ ਲਾਭ ਉਹਨਾਂ ਲਾਭਪਾਤਰੀ ਕਿਸਾਨਾਂ ਨੂੰ ਹੀ ਮਿਲੇਗਾ ਜਿਨ੍ਹਾਂ ਨੇ ਆਪਣੀ ਰਜਿਟੇਸ਼ਨ ਮੁਕੰਮਲ ਕਰਕੇ ਫਾਰਮਰ ਆਈ.ਡੀ ਪ੍ਰਾਪਤ ਕੀਤੀ ਹੋਵੇਗੀ । ਹਰੇਕ ਰਜਿਸਟਰਡ ਲਾਭਪਾਤਰੀ ਨੂੰ ਇੱਕ ਵਿਲੱਖਣ ਪਹਿਚਾਣ ਨੰਬਰ ਮਿਲੇਗਾ ਜੋ ਉਹਨਾਂ ਦੇ ਮੌਜੂਦਾ ਪੀ. ਐਮ ਕਿਸਾਨ ਅਕਾਊਂਟ ਨਾਲ ਲਿੰਕ ਕੀਤਾ ਜਾਵੇਗਾ ਤਾਂ ਜੋ ਵੈਰੀਫਿਕੇਸ਼ਨ ਅਤੇ ਜ਼ਮੀਨ ਦੇ ਰਿਕਾਰਡ ਦੀ ਪ੍ਰਮਾਣਤਾ ਨੂੰ ਸੌਖਾਲਾ ਬਣਾਇਆ ਜਾ ਸਕੇ। ਡਾ. ਸੁਖਜਿੰਦਰ ਸਿੰਘ ਬਾਜਵਾ ਨੇ ਕਿਸਾਨਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਜੋ ਕਿਸਾਨ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਮੁਕੰਮਲ ਕਰਨ ਵਿੱਚ ਅਸਫ਼ਲ ਰਹਿਣਗੇ ਉਹਨਾਂ ਦੀਆਂ ਭਵਿੱਖ ਵਿੱਚ ਆਉਣ ਵਾਲੀਆਂ ਕਿਸ਼ਤਾਂ ‘ਤੇ ਰੋਕ ਲੱਗ ਸਕਦੀ ਹੈ। ਉਹਨਾਂ ਕਿਸਾਨਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਲਾਭਪਾਤਰੀ ਕਿਸਾਨ ਆਪਣੇ ਨਜ਼ਦੀਕੀ ਕਾਮਨ ਸਰਵਿਸ ਸੈਂਟਰ ਵਿਖੇ ਆਪਣਾ ਆਧਾਰ ਕਾਰਡ ਲੈ ਕੇ ਜਾਣ ਤੇ ਬਿਨਾਂ ਦੇਰੀ ਦੇ ਰਜਿਸਟ੍ਰੇਸ਼ਨ ਕਰਵਾਉਣ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਐਸ.ਏ.ਐਸ ਨਗਰ ਵੱਲੋਂ ਵੀ ਵੱਖ-ਵੱਖ ਬਲਾਕਾਂ ਵਿੱਚ ਕਾਮਨ ਸਰਵਿਸ ਸੈਂਟਰ ਨਾਲ ਰਾਬਤਾ ਕਰਕੇ ਪਿੰਡ ਪੱਧਰੀ ਕੈਂਪ ਲਗਾਏ ਜਾ ਰਹੇ ਹਨ। ਕਿਸਾਨ ਹੋਰ ਮਦਦ ਲਈ ਆਪਣੇ ਬਲਾਕ ਦੇ ਖੇਤੀਬਾੜੀ ਦਫ਼ਤਰ ਵਿੱਚ ਜਾ ਕੇ ਇਸ ਬਾਰੇ ਜਾਣਕਾਰੀ ਲੈ ਸਕਦੇ ਹਨ।























