LPG ਸੰਕਟ ‘ਤੇ ਲੋਕ ਸਭਾ ਵਿੱਚ ਬੋਲੇ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ
ਨਵੀ ਦਿੱਲੀ, 12 ਮਾਰਚ 2026 (ਵਿਸ਼ਵ ਵਾਰਤਾ) – ਲੋਕ ਸਭਾ ਵਿੱਚ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਪੱਛਮੀ ਏਸ਼ੀਆ ਸੰਕਟ ਤੋਂ ਬਾਅਦ ਦੇਸ਼ ਵਿੱਚ ਗੈਸ ਦੀ ਕਿੱਲਤ ਦੇ ਮੁੱਦੇ ‘ਤੇ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਦੁਨੀਆ ਦੇ ਊਰਜਾ ਇਤਿਹਾਸ ਵਿੱਚ ਸ਼ਾਇਦ ਹੀ ਕਦੇ ਅਜਿਹਾ ਸਮਾਂ ਆਇਆ ਹੋਵੇ ਜਿਹਾ ਹੁਣ ਪੱਛਮੀ ਏਸ਼ੀਆ ਦੇ ਸੰਕਟ ਕਾਰਨ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਥਿਤੀ ਵਿਸ਼ਵ ਪੱਧਰੀ ਤੇਲ ਅਤੇ ਗੈਸ ਸਪਲਾਈ ਲਈ ਬਹੁਤ ਗੰਭੀਰ ਮੰਨੀ ਜਾ ਰਹੀ ਹੈ। ਲੋਕ ਸਭਾ ਵਿੱਚ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਦੀ ਤਰਜੀਹ ਇਹ ਹੈ ਕਿ ਭਾਰਤ ਦੇ 33 ਕਰੋੜ ਪਰਿਵਾਰਾਂ ਦੀ ਰਸੋਈ ਵਿੱਚ ਕਿਸੇ ਵੀ ਤਰ੍ਹਾਂ ਦੀ (ਬਾਲਣ ਦੀ) ਕਮੀ ਨਾ ਹੋਵੇ।
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਪੁਰੀ ਨੇ ਆਪਣੇ ਬਿਆਨ ਵਿੱਚ ਕਿਹਾ, ਦੇਸ਼ ਵਿੱਚ ਪੈਟਰੋਲੀਅਮ ਪਦਾਰਥਾਂ ਦੀ ਕੋਈ ਕਮੀ ਨਹੀਂ ਹੈ। ਕੇਂਦਰੀ ਮੰਤਰੀ ਨੇ ਅੱਗੇ ਦੱਸਿਆ ਕਿ ਭਾਰਤ ਦੀ ਕੱਚੇ ਤੇਲ ਦੀ ਸਪਲਾਈ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਭਾਰਤ ਵਿੱਚ ਪੈਟਰੋਲ-ਡੀਜ਼ਲ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ।
ਗੈਸ ਦੀ ਕਿੱਲਤ ਬਾਰੇ ਕੇਂਦਰੀ ਮੰਤਰੀ ਨੇ ਕਿਹਾ ਕਿ ਸੀ.ਐਨ.ਜੀ. (CNG) ਦੀ ਸਪਲਾਈ 100 ਪ੍ਰਤੀਸ਼ਤ ਜਾਰੀ ਹੈ ਅਤੇ ਭਾਰਤ ਵਿੱਚ ਐਲ.ਐਨ.ਜੀ. (LNG) ਦੇ ਕਾਰਗੋ ਰੋਜ਼ਾਨਾ ਆ ਰਹੇ ਹਨ। ਗੈਸ ਸਿਲੰਡਰ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਘਬਰਾਉਣ ਦੀ ਲੋੜ ਨਹੀਂ ਹੈ, ਘਬਰਾਹਟ ਕਾਰਨ ਹੀ ਮੰਗ ਵਧੀ ਹੈ।
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਪੁਰੀ ਨੇ ਕਿਹਾ ਕਿ ਸਰਕਾਰ ਨੇ ਐਲ.ਪੀ.ਜੀ. (LPG) ਦੀ ਉਪਲਬਧਤਾ ਯਕੀਨੀ ਬਣਾਉਣ ਲਈ ਉਤਪਾਦਨ ਵਧਾਇਆ ਹੈ। ਪਿਛਲੇ ਪੰਜ ਦਿਨਾਂ ਵਿੱਚ ਰਿਫਾਇਨਰੀਆਂ ਨੂੰ ਦਿੱਤੇ ਗਏ ਨਿਰਦੇਸ਼ਾਂ ਤੋਂ ਬਾਅਦ ਐਲ.ਪੀ.ਜੀ. ਉਤਪਾਦਨ ਵਿੱਚ 28% ਦਾ ਵਾਧਾ ਕੀਤਾ ਗਿਆ ਹੈ। ਵਾਧੂ ਖਰੀਦ ਦੀ ਪ੍ਰਕਿਰਿਆ ਵੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਦੀ ਸਰਵਉੱਚ ਤਰਜੀਹ ਇਹ ਹੈ ਕਿ ਭਾਰਤ ਦੇ 33 ਕਰੋੜ ਪਰਿਵਾਰਾਂ, ਖਾਸ ਕਰਕੇ ਗਰੀਬ ਅਤੇ ਪਿਛੜੇ ਵਰਗ ਦੀ ਰਸੋਈ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਾ ਹੋਵੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























