BIG NEWS: ਜ਼ਿਲ੍ਹਾ ਪੱਧਰੀ ਕਿਸ਼ੋਰ ਸਿੱਖਿਆ ਪ੍ਰੋਗਰਾਮ ਅਤੇ ਸਲਾਨਾ ਇਨਾਮ ਵੰਡ ਸਮਾਰੋਹ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 2 ਮਾਰਚ (ਸਤੀਸ਼ ਕੁਮਾਰ ਪੱਪੀ));- ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਕੱਤਰ ਸਕੂਲ ਸਿੱਖਿਆ ਸ਼੍ਰੀਮਤੀ ਸੋਨਾਲੀ ਗਿਰੀ ਦ ਅਗਵਾਈ ਤਹਿਤ ਅੱਜ ਮਾਨਵ ਮੰਗਲ ਸਕੂਲ ਸੈਕਟਰ 88 ਮੋਹਾਲੀ ਵਿਖੇ ਜ਼ਿਲ੍ਹਾ ਪੱਧਰੀ ਕਿਸ਼ੋਰ ਸਿੱਖਿਆ ਪ੍ਰੋਗਰਾਮ ਅਤੇ ਸਲਾਨਾ ਇਨਾਮ ਵੰਡ ਸਮਾਰੋਹ ਤਹਿਤ ਸਮਾਗਮ ਕੀਤਾ ਗਿਆ। ਇਹ ਪ੍ਰੋਗਰਾਮ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਡਾ. ਗਿੰਨੀ ਦੁਗਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਆਯੋਜਿਤ ਕੀਤਾ ਗਿਆ।
ਇਸ ਪ੍ਰੋਗਰਾਮ ਵਿੱਚ ਡਾਕਟਰ ਕੁਸਮ ਪਟਿਆਲਾ, ਡਾਕਟਰ ਕ੍ਰਿਤਿਕਾ ਗੋਇਲ ਮੈਕਸ ਹਸਪਤਾਲ ਚੰਡੀਗੜ੍ਹ ਅਤੇ ਸ੍ਰੀਮਤੀ ਆਕ੍ਰਿਤੀ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕੁਰੜੀ ਨੇ ਕਿਸ਼ੋਰ ਸਿੱਖਿਆ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਬਾਲੜੀਆਂ ਵੱਲ ਵਿਸ਼ੇਸ਼ ਤਵੱਜੋਂ ਦੇਣ ਦੀ ਗੱਲ ਕੀਤੀ।
ਇਸ ਮੌਕੇ ਡਾ. ਗਿੰਨੀ ਦੁਗਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਵਿਦਿਆਰਥੀ ਕੇਂਦਰਿਤ ਸਿੱਖਿਆ ਉੱਤੇ ਜੋਰ ਦਿੱਤਾ ਜਾਵੇ ਅਤੇ ਅੱਠਵੀਂ, ਦਸਵੀਂ ਤੇ ਬਾਰਵੀਂ ਦੀਆਂ ਚੱਲ ਰਹੀਆਂ ਸਲਾਨਾ ਪ੍ਰੀਖਿਆਵਾਂ ਵਿੱਚ ਬੱਚਿਆਂ ਨੂੰ ਸਹਿਜ ਮਹਿਸੂਸ ਕਰਾਉਂਦਿਆਂ ਨਿਯਮਾਂ ਅਨੁਸਾਰ ਪ੍ਰੀਖਿਆਵਾਂ ਦਾ ਸੰਚਾਲਨ ਕਰਾਇਆ ਜਾਵੇ। ਉਨ੍ਹਾਂ ਨਾਲ ਹੀ ਕਿਹਾ ਕਿ ਸਕੂਲਾਂ ਵਿੱਚ ਪੜ੍ਹਾਈ ਦਾ ਮਾਹੌਲ ਉਸਾਰਨਾ ਵਿਦਿਆਰਥੀਆਂ ਵਿੱਚ ਬੁਨਿਆਦੀ ਸਮਝ ਦਾ ਵਿਕਾਸ ਕਰਨਾ ਅਤੇ ਸੰਕਲਪਗਤ ਸਿੱਖਣ ਪ੍ਰਕਿਰਿਆ ਅਤੇ ਸੁਖਾਵਾ ਮਾਹੌਲ ਉਸਾਰਨਾ ਸਾਡਾ ਮੁੱਖ ਉਦੇਸ਼ ਹੈ।
ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਮੈਡੀਟੇਸ਼ਨ ਪ੍ਰੋਗਰਾਮ ਨੂੰ ਸਫਲਤਾ ਸਹਿਤ ਪੂਰਾ ਕਰਨ ਲਈ ਸਮੂਹ ਸਕੂਲ ਮੁਖੀਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਹੋਰ ਉਤਸ਼ਾਹ ਨਾਲ ਕਾਰਜ ਕਰਨ ਲਈ ਪ੍ਰੇਰਿਆ। ਇਸ ਮੌਕੇ ਤੇ ਸਲਾਨਾ ਗਤੀਵਿਧੀਆਂ ਦੌਰਾਨ ਬੇਹਤਰੀਨ ਪ੍ਰਦਰਸ਼ਨ ਕਰਨ ਵਾਲੇ ਸਕੂਲਾਂ ਲਈ ਰਨਿੰਗ ਟਰਾਫੀਆਂ ਦੇਣ ਦੀ ਰਿਵਾਇਤ ਦਾ ਆਗਾਜ਼ ਕੀਤਾ ਗਿਆ। ਸਾਲ 2025-26 ਲਈ ਰਨਿੰਗ ਟ੍ਰਾਫੀ ਲਈ ਐਸ.ਓ.ਈ 3 ਬੀ 1ਨੇ ਪਹਿਲਾ ਸਥਾਨ, ਐਸ. ਓ.ਈ ਬਨੂੜ ਨੇ ਦੂਜਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਰਾਮਗੜ੍ਹ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਹਾਈ ਸਕੂਲਾਂ ਵਿੱਚ ਸਰਕਾਰੀ ਹਾਈ ਸਕੂਲ ਰਾਣੀ ਮਾਜਰਾ ਨੇ ਪਹਿਲਾ ਸਰਕਾਰੀ ਹਾਈ ਸਕੂਲ ਰਸਨ ਹੇੜੀ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਬਲਟਾਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਦੇ ਨਾਲ ਹੀ ਮਿਡਲ ਸਕੂਲਾਂ ਵਿੱਚ ਸਰਕਾਰੀ ਮਿਡਲ ਸਕੂਲ ਮੁੰਡੀ ਖਰੜ ਨੇ ਪਹਿਲਾ, ਸਰਕਾਰੀ ਮਿਡਲ ਸਕੂਲ ਬਡਾਲੀ ਨੇ ਦੂਜਾ ਅਤੇ ਸਰਕਾਰੀ ਮਿਡਲ ਸਕੂਲ ਚਾਹੜ ਮਾਜਰਾ ਨੇ ਤੀਜਾ ਸਥਾਨ ਹਾਸਿਲ ਕੀਤਾ
ਇਸ ਮੌਕੇ ਜ਼ਿਲ੍ਹੇ ਵਿੱਚ ਕਲਾ ਉਤਸਵ, ਗਣਿਤ ਮੇਲਾ, ਟੀਚਰ ਫੈਸਟ ਅਤੇ ਵਿਗਿਆਨ ਮੇਲੇ ਨਾਲ ਸੰਬੰਧਿਤ ਸਕੂਲਾਂ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਤੇ ਐਸ.ਓ.ਈ 3 ਬੀ 1 ਦੇ ਪ੍ਰਿੰਸੀਪਲ ਸ. ਸ਼ਲਿੰਦਰ ਸਿੰਘ ਸਮੇਤ ਰਨਿੰਗ ਟਰਾਫੀ ਜੇਤੂ ਬਾਕੀ ਸਕੂਲ ਪ੍ਰਿੰਸੀਪਲਾਂ ਨੇ ਡਾਕਟਰ ਗਿੰਨੀ ਦੁਗਲ ਦਾ ਧੰਨਵਾਦ ਕੀਤਾ ਅਤੇ ਇਸ ਨੂੰ ਇੱਕ ਚੰਗੀ ਸ਼ੁਰੂਆਤ ਦੱਸਿਆ।
ਇਸ ਮੌਕੇ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਤੇ ਸੈਕੰਡਰੀ ਸਿੱਖਿਆ ਅੰਗਰੇਜ਼ ਸਿੰਘ, ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਸਤਿੰਦਰਜੀਤ ਸਿੰਘ ਸਮੇਤ ਜਿਲ੍ਹੇ ਦੇ ਸਮੂਹ ਪ੍ਰਿੰਸੀਪਲ, ਮੁੱਖ ਅਧਿਆਪਕ ਅਤੇ ਸਕੂਲ ਇੰਚਾਰਜ ਹਾਜ਼ਰ ਸਨ।























