Israel ਵਿੱਚ ਵੀ ਚੱਲੇਗਾ UPI, ਭਾਰਤ ਨਾਲ ਹੋਇਆ ਸਮਝੌਤਾ
ਨਵੀ ਦਿੱਲੀ, 26 ਫ਼ਰਵਰੀ (ਵਿਸ਼ਵ ਵਾਰਤਾ): ਕਈ ਦੇਸ਼ਾਂ ਤੋਂ ਬਾਅਦ ਹੁਣ ਇਜ਼ਰਾਈਲ ਵਿੱਚ ਵੀ ਭਾਰਤ ਦਾ UPI ਪੇਮੈਂਟ ਸਿਸਟਮ ਚੱਲੇਗਾ। ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਦੇ ਇਜ਼ਰਾਈਲ ਦੌਰੇ ਦਾ ਅੱਜ ਆਖਰੀ ਦਿਨ ਹੈ। ਦੌਰੇ ਦੇ ਦੂਜੇ ਦਿਨ ਮੋਦੀ ਸਭ ਤੋਂ ਪਹਿਲਾਂ ਯਰੂਸ਼ਲਮ ਦੇ ਹੋਲੋਕਾਸਟ ਮੈਮੋਰੀਅਲ ‘ਯਾਦ ਵਾਸ਼ੇਮ’ ਪਹੁੰਚੇ। ਇੱਥੇ ਉਨ੍ਹਾਂ ਨੇ ਹਿਟਲਰ ਦੇ ਨਾਜ਼ੀ ਸ਼ਾਸਨ ਦੌਰਾਨ ਮਾਰੇ ਗਏ 60 ਲੱਖ ਯਹੂਦੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਤੋਂ ਬਾਅਦ ਉਨ੍ਹਾਂ ਨੇ ਇਜ਼ਰਾਈਲੀ ਰਾਸ਼ਟਰਪਤੀ ਇਸਾਕ ਹਰਜ਼ੋਗ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਪੀਐਮ ਮੋਦੀ ਨੇ ਇਜ਼ਰਾਈਲੀ ਰਾਸ਼ਟਰਪਤੀ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ। ਫਿਰ ਪੀਐਮ ਮੋਦੀ ਅਤੇ ਇਜ਼ਰਾਈਲੀ ਪੀਐਮ ਨੇਤਨਯਾਹੂ ਨੇ ਦੁਵੱਲੀ ਮੀਟਿੰਗ ਤੋਂ ਬਾਅਦ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ।
ਇਸ ਦੌਰਾਨ ਦੱਸਿਆ ਗਿਆ ਕਿ ਹੁਣ ਇਜ਼ਰਾਈਲ ਵਿੱਚ ਵੀ ਭਾਰਤ ਦਾ UPI ਪੇਮੈਂਟ ਸਿਸਟਮ ਚੱਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘ਦੋਵਾਂ ਦੇਸ਼ਾਂ ਵਿਚਾਲੇ ਖੇਤੀਬਾੜੀ ਸਹਿਯੋਗ ਦਾ ਲੰਬਾ ਅਤੇ ਸਫਲ ਇਤਿਹਾਸ ਰਿਹਾ ਹੈ। ਅੱਜ ਅਸੀਂ ਇਸ ਸਹਿਯੋਗ ਨੂੰ ਭਵਿੱਖਮੁਖੀ ਦਿਸ਼ਾ ਦੇਣ ਦਾ ਸੰਕਲਪ ਲਿਆ ਹੈ। ਇਜ਼ਰਾਈਲ ਦੇ ਸਹਿਯੋਗ ਨਾਲ ਭਾਰਤ ਵਿੱਚ ਸਥਾਪਿਤ ‘ਸੈਂਟਰ ਆਫ ਐਕਸੀਲੈਂਸ’ ਸਾਡੀ ਦੋਸਤੀ ਦੀਆਂ ਵਧੀਆ ਮਿਸਾਲਾਂ ਹਨ। ਇਨ੍ਹਾਂ ਦੀ ਸਫਲਤਾ ਨੂੰ ਦੇਖਦੇ ਹੋਏ ਅਸੀਂ ਇਨ੍ਹਾਂ ਦੀ ਗਿਣਤੀ 100 ਤੱਕ ਲੈ ਜਾਣ ਦਾ ਟੀਚਾ ਰੱਖਿਆ ਹੈ।
ਪੀਐਮ ਮੋਦੀ ਨੇ ਕਿਹਾ, ‘ਮੈਨੂੰ ਖੁਸ਼ੀ ਹੈ ਕਿ ਇਜ਼ਰਾਈਲ ਵਿੱਚ UPI ਦੀ ਵਰਤੋਂ ਲਈ ਸਮਝੌਤਾ ਕੀਤਾ ਗਿਆ ਹੈ। ਡਿਜੀਟਲ ਹੈਲਥ ਲਈ ਵੀ ਅਸੀਂ ਆਪਣੇ ਤਜ਼ਰਬੇ ਸਾਂਝੇ ਕਰਦੇ ਹੋਏ ਲੋਕਾਂ ਦੇ ਜੀਵਨ ਵਿੱਚ ਸੁਧਾਰ ਲਿਆਉਣ ਲਈ ਵਚਨਬੱਧ ਹਾਂ। ਪੀਐਮ ਮੋਦੀ ਨੇ ਕਿਹਾ ਕਿ ਭਾਰਤ ਜਲਦੀ ਹੀ ਇਜ਼ਰਾਈਲ ਨਾਲ ਫ੍ਰੀ ਟਰੇਡ ਐਗਰੀਮੈਂਟ (FTA) ਕਰੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























