Mohali ਐੱਸ.ਐੱਸ.ਪੀ. ਦਫ਼ਤਰ ਬਾਹਰ ਫਾਇਰਿੰਗ ਮਾਮਲਾ: ਦੋ ਮੁਲਜ਼ਮ ਗ੍ਰਿਫ਼ਤਾਰ
ਚੰਡੀਗੜ੍ਹ, 4 ਫਰਵਰੀ 2026 (ਵਿਸ਼ਵ ਵਾਰਤਾ): ਮੋਹਾਲੀ ਪੁਲਿਸ ਨੇ ਮੋਹਾਲੀ ਐਸਐਸਪੀ ਦਫ਼ਤਰ ਦੇ ਬਾਹਰ ਹੋਈ ਗੋਲੀਬਾਰੀ ਦੇ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਹੈ। ਉਨ੍ਹਾਂ ਨੇ ਸ਼ੂਟਰਾਂ ਦੀ ਮਦਦ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੀ ਪਛਾਣ ਬਲਤੇਜ ਸਿੰਘ ਉਰਫ਼ ਬੰਟੀ, ਵਾਸੀ ਫਰੀਦਕੋਟ ਅਤੇ ਮੰਗਲ ਸਿੰਘ ਉਰਫ਼ ਮੈਕਸ, ਵਾਸੀ ਜਲਾਲਾਬਾਦ, ਫਾਜ਼ਿਲਕਾ ਵਜੋਂ ਹੋਈ ਹੈ।
ਪੁਲਿਸ ਨੇ ਮੁਲਜ਼ਮਾਂ ਵੱਲੋਂ ਘਟਨਾ ਵਿੱਚ ਵਰਤੀ ਗਈ ਬਾਈਕ ਅਤੇ ਅਮੇਜ਼ ਕਾਰ ਵੀ ਬਰਾਮਦ ਕੀਤੀ ਹੈ। ਮੋਹਾਲੀ ਦੇ ਐਸਐਸਪੀ ਹਰਮਨਦੀਪ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਖੁਲਾਸਾ ਕਰਦਿਆਂ ਕਿਹਾ ਕਿ ਗੋਲਡੀ ਬਰਾੜ ਇਸ ਕਤਲ ਦਾ ਮਾਸਟਰਮਾਈਂਡ ਸੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਬੀਤੀ 28 ਜਨਵਰੀ ਨੂੰ ਗੁਰਵਿੰਦਰ ਸਿੰਘ ਮੁਹਾਲੀ ਅਦਾਲਤ ਵਿਖੇ ਆਪਣੀ ਤਾਰੀਖ਼ ਭੁਗਤਣ ਲਈ ਆਇਆ ਸੀ। ਇਸ ਤੋਂ ਬਾਅਦ ਜਦੋਂ ਉਹ ਕੋਰਟ ਕੰਪਲੈਕਸ ਦੇ ਬਾਹਰ ਸੜਕ ’ਤੇ ਮੌਜੂਦ ਸੀ, ਤਾਂ ਅਣਪਛਾਤੇ ਹਮਲਾਵਰਾਂ ਵਲੋਂ ਉਸ ’ਤੇ ਤਾਬੜਤੋੜ ਗੋਲੀਆਂ ਚਲਾ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਵਾਰਦਾਤ ਮੌਕੇ ਗੁਰਵਿੰਦਰ ਸਿੰਘ ਦੀ ਪਤਨੀ ਵੀ ਨਾਲ ਸੀ, ਜੋ ਕਿ ਬਚ ਗਈ ਸੀ। ਇਸ ਘਟਨਾ ਤੋਂ ਬਾਅਦ ਪੁਲਿਸ ਹਰਕਤ ਵਿੱਚ ਆ ਗਈ। ਕਈ ਟੀਮਾਂ ਬਣਾਈਆਂ ਗਈਆਂ। ਫਿਰ ਸ਼ਹਿਰ ਭਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ। ਦੋ ਅਣਪਛਾਤੇ ਆਦਮੀ ਇੱਕ ਕਾਲੇ ਪਲਸਰ ‘ਤੇ ਜਾਂਦੇ ਹੋਏ ਦੇਖੇ ਗਏ।
ਹੋਰ ਵੀਡੀਓ ਫੁਟੇਜ ਤੋਂ ਪਤਾ ਚੱਲਿਆ ਕਿ ਉਨ੍ਹਾਂ ਨੂੰ ਰਸਤੇ ਵਿੱਚ ਇੱਕ ਚਿੱਟੀ ਕਾਰ ਮਿਲੀ, ਜਿਸ ਵਿੱਚ ਉਹ ਫਿਰ ਸਵਾਰ ਹੋ ਗਏ। ਡਰਾਈਵ ਦੌਰਾਨ, ਉਨ੍ਹਾਂ ਨੇ ਆਪਣੇ ਕੱਪੜੇ ਬਦਲ ਲਏ। ਇਸ ਦੇ ਆਧਾਰ ‘ਤੇ, ਦੋਵਾਂ ਵਾਹਨਾਂ ਦੀ ਪਛਾਣ ਕੀਤੀ ਗਈ।ਜਾਂਚ ਦੌਰਾਨ, ਫਰੀਦਕੋਟ ਦੇ ਰਹਿਣ ਵਾਲੇ ਬਲਤੇਜ ਸਿੰਘ ਉਰਫ਼ ਬੰਟੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸਨੇ ਖੁਲਾਸਾ ਕੀਤਾ ਕਿ ਉਹ ਯੂਪੀ ਰਜਿਸਟ੍ਰੇਸ਼ਨ ਨੰਬਰ ਵਾਲੀ ਹੌਂਡਾ ਇਮੇਜ ਕਾਰ ਦਾ ਡਰਾਈਵਰ ਸੀ ਜਿਸ ਵਿੱਚ ਦੋਸ਼ੀ ਫਰਾਰ ਹੋਏ ਸਨ। ਉਸਦੀ ਨਿਸ਼ਾਨਦੇਹੀ ‘ਤੇ ਕਾਰ ਨੂੰ ਬਰਾਮਦ ਕਰ ਲਿਆ ਗਿਆ। ਇਸ ਤੋਂ ਬਾਅਦ ਜਦੋਂ ਜਾਂਚ ਅੱਗੇ ਵਧੀ ਤਾਂ ਪਤਾ ਲੱਗਿਆ ਕਿ ਮੰਗਤ ਸਿੰਘ ਉਰਫ਼ ਮੈਕਸ, ਨਿਵਾਸੀ ਜਲਾਲਾਬਾਦ (ਜ਼ਿਲ੍ਹਾ ਫ਼ਾਜ਼ਿਲਕਾ) ਨੇ ਦੋਸ਼ੀਆਂ ਨੂੰ ਲੌਜਿਸਟਿਕ ਸਹਾਇਤਾ ਪ੍ਰਦਾਨ ਕੀਤੀ ਸੀ। ਇਸ ਦੇ ਨਾਲ ਹੀ ਵਾਰਦਾਤ ਵਿੱਚ ਵਰਤੇ ਗਏ ਦੋਵੇਂ ਵਾਹਨ (ਕਾਰ ਅਤੇ ਮੋਟਰਸਾਈਕਲ) ਉਸ ਨੇ ਹੀ ਮੁਹੱਈਆ ਕਰਵਾਏ ਸਨ।






















