Punjab : ਪੰਥਕ ਆਗੂਆਂ ਵਲੋਂ ਬਾਬਾ ਸਰਬਜੋਤ ਸਿੰਘ ਬੇਦੀ ਅਤੇ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਨੂੰ ਪੰਥ ਦੇ ਭਖਦੇ ਮੁੱਦਿਆਂ ਤੇ ਪੰਥ ਦਾ ਨੁਮਾਇੰਦਾ ਇਕੱਠ ਬੁਲਾਉਣ ਦੀ ਕੀਤੀ ਅਪੀਲ
ਚੰਡੀਗੜ੍ਹ, 30 ਦਸੰਬਰ (ਵਿਸ਼ਵ ਵਾਰਤਾ): ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਅਤੇ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਦੇ ਨੇੜਲੇ ਸਾਥੀਆਂ ਸਾਬਕਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਆਗੂਆਂ ਸਰਬਜੀਤ ਸਿੰਘ ਜੰਮੂ, ਗੁਰਕ੍ਰਿਪਾਲ ਸਿੰਘ ਬਠਿੰਡਾ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਐਡਵੋਕੇਟ ਛਿੰਦਰਪਾਲ ਸਿੰਘ ਬਰਾੜ, ਡਿਸਟ੍ਰਿਕ ਕੋਰਟ ਚੰਡੀਗੜ੍ਹ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਵਿੰਦਰ ਸਿੰਘ ਜੋਲੀ ਅਤੇ ਜੰਮੂ ਕਸ਼ਮੀਰ ਦੇ ਸਿੱਖ ਨੌਜਵਾਨ ਆਗੂ ਅਮਨਦੀਪ ਸਿੰਘ ਸ੍ਰੀ ਨਗਰ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਸ਼੍ਰੋਮਣੀ ਕਮੇਟੀ ਸੰਵਿਧਾਨਿਕ ਸੰਸਥਾ ਹੈ ਜਿਵੇਂ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਹੈ ਇਸ ਲਈ ਇਹ ਭਾਰਤ ਦੇ ਸੰਵਿਧਾਨ ਤੇ ਕਾਨੂੰਨ ਦੇ ਦਾਇਰੇ ਵਿੱਚ ਆਉਂਦੀ ਹੈ। ਦੂਜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਮਾਮਲਾ ਪੰਥਕ ਮਰਿਯਾਦਾ ਤੋੜਣ ਦਾ ਨਹੀਂ ਸਗੋਂ ਕਾਨੂੰਨ ਤੋੜਨ ਦਾ ਹੈ।
ਸਰਬਜੀਤ ਸਿੰਘ ਜੰਮੂ ਵਲੋਂ ਜਾਰੀ ਇੱਕ ਸਾਂਝੇ ਬਿਆਨ ਵਿੱਚ ਉਕਤ ਆਗੂਆਂ ਨੇ ਕਿਹਾ ਕਿ “ਇਹ ਕਾਨੂੰਨ ਤੋੜਨ ਵਾਲੇ ਆਮ ਮੁਲਾਜ਼ਮ ਨਹੀਂ ਸਗੋਂ ਸ਼੍ਰੋਮਣੀ ਕਮੇਟੀ ਦੇ ਉਸ ਵਕਤ ਦੇ ਪ੍ਰਧਾਨ, ਮੁੱਖ ਸਕੱਤਰ, ਸਕੱਤਰ, ਸ਼੍ਰੋਮਣੀ ਕਮੇਟੀ ਦੇ ਮੈਂਬਰ, ਅਹੁਦੇਦਾਰ ਆਦਿ ਹਨ। ਸ਼੍ਰੋਮਣੀ ਕਮੇਟੀ ਤੇ ਹੋਰਾਂ ਵੱਲੋਂ ਕੀਤੀਆਂ ਗੈਰ ਕਾਨੂੰਨੀ ਹਰਕਤਾਂ ਹੋਰ ਉਜਾਗਰ ਨਾ ਹੋਣ ਇਸੇ ਲਈ ਹਰ ਹਰਬਾ ਪੁਲੀਸ ਪੜਤਾਲ ਰੋਕਣ ਲਈ ਵਰਤਿਆ ਜਾ ਰਿਹਾ ਹੈ। ਸਿੱਖ ਸਿਧਾਂਤ ਨੂੰ ਤੋੜਨ ਲਈ ਕੀਤੇ ਹਰ ਗੈਰ ਕਾਨੂੰਨੀ ਵਰਤਾਰੇ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਵਰਤਣ ਤੋਂ ਹੁਣ ਵੀ ਗੁਰੇਜ ਨਹੀਂ ਕੀਤਾ ਜਾ ਰਿਹਾ। ਇਹ ਵਰਤਾਰਾ ਸਿੱਖ ਕੌਮ ਲਈ ਬਹੁਤ ਹੀ ਘਾਤਕ ਸਿੱਧ ਹੋ ਰਿਹਾ ਹੈ ਤੇ ਹੋਇਆ ਵੀ ਹੈ। ਅਸੀਂ ਸਮਝਦੇ ਹਾਂ ਕਿ ਸਿੱਖ ਸਿਧਾਂਤਾਂ ਤੇ ਕੀਤੇ ਜਾ ਰਹੇ ਹਮਲਿਆਂ ਨੂੰ ਰੋਕਨ ਲਈ ਮਹਾਂਪੁਰਖਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅੰਸ਼ ਬੰਸ ਚੋਂ ਮਹਾਂਪੁਰਖ ਬਾਬਾ ਸਰਬਜੋਤ ਸਿੰਘ ਬੇਦੀ ਜੀ ਅਤੇ ਮਹਾਂਪੁਰਖ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਵਾਲਿਆਂ ਨੂੰ ਬੇਨਤੀ ਤੇ ਅਪੀਲ ਕਰਦੇ ਹਾਂ ਕਿ ਉਹ ਪੰਥ ਦੇ ਭਖਦੇ ਮਸਲਿਆਂ ਤੇ ਪੰਥ ਦਰਦੀਆਂ ਦੀ ਵਿਸ਼ੇਸ਼ ਇਕੱਤਰਤਾ ਜਲਦੀ ਬੁਲਾਉਣ ਤਾਂ ਕਿ ਪਾਰਟੀ ਬਾਜ਼ੀ ਤੇ ਵਿਚਾਰਧਾਰਕ ਵਖਰੇਵਿਆਂ ਤੋਂ ਉੱਪਰ ਉੱਠ ਕੇ ਗੁਰਮਤਿ ਦੀ ਰੋਸ਼ਨੀ ਵਿੱਚ ਇੱਕ ਮੱਤ ਹੋਕੇ ਵਿਉਤਬੰਦੀ ਕੀਤੀ ਜਾ ਸਕੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























