Punjab: ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
ਬਠਿੰਡਾ, 25 ਦਸੰਬਰ 2025 (ਵਿਸ਼ਵ ਵਾਰਤਾ) – ਬਠਿੰਡਾ (Punjab) ਜ਼ਿਲ੍ਹੇ ਦੇ ਲੇਲੇਵਾਲਾ ਪਿੰਡ ਵਿੱਚ ਇੱਕ 22 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਹਿੰਮਤ ਸਿੰਘ ਵਜੋਂ ਹੋਈ ਹੈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਵਿਆਹਿਆ ਹੋਇਆ ਸੀ, ਉਸਦਾ ਨੌਂ ਮਹੀਨੇ ਦਾ ਇੱਕ ਬੱਚਾ ਵੀ ਹੈ, ਅਤੇ ਉਸਦੀ ਪਤਨੀ ਇੱਕ ਹੋਰ ਬੱਚੇ ਨੂੰ ਜਨਮ ਦੇਣ ਵਾਲੀ ਹੈ।

ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਪਿੰਡ ਦੇ ਕੁਝ ਨਸ਼ਾ ਵੇਚਣ ਵਾਲੇ ਨੌਜਵਾਨ ਉਸ ਨੂੰ ਇਹ ਕਹਿ ਕੇ ਘਰੋਂ ਲੈ ਗਏ ਕਿ ਉਹ ਕਿਸੇ ਦਾ ਸਮਝੌਤਾ ਕਰਵਾਉਣਾ ਚਾਹੁੰਦੇ ਸਨ। ਪਰ ਉਹ ਉਸਨੂੰ ਇੱਕ ਖੇਤ ਵਿੱਚ ਲੈ ਗਏ ਅਤੇ ਉਸ ਨੂੰ ਨਸ਼ਾ ਦਿੱਤਾ, ਜਿਸ ਕਾਰਨ ਉਸਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਦੀ ਮਾਂ ਅਤੇ ਦਾਦੀ ਨੇ ਕੁਝ ਪਿੰਡ ਵਾਸੀਆਂ ‘ਤੇ ਨਸ਼ੇ ਵੇਚਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰੇ ਤਾਂ ਜੋ ਕੋਈ ਹੋਰ ਮਾਂ ਦਾ ਪੁੱਤਰ ਨਸ਼ੇ ਦਾ ਸ਼ਿਕਾਰ ਨਾ ਹੋਵੇ।
ਉੱਥੇ ਹੀ ਤਲਵੰਡੀ ਸਾਬੋ (Punjab) ਦੇ ਡੀਐਸਪੀ ਹਰਪ੍ਰੀਤ ਸਿੰਘ ਨੇ ਮ੍ਰਿਤਕ ਨੌਜਵਾਨ ਦੀ ਮੌਤ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਲੇਲੇਵਾਲਾ ਪਿੰਡ ਦੇ ਤਿੰਨ ਨੌਜਵਾਨਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ, ਉਨ੍ਹਾਂ ਵਿੱਚੋਂ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























