Rajasthan Ethanol Plant : ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਪਿੱਛੇ ਹਟੀ ਕੰਪਨੀ
– ਹਨੂੰਮਾਨਗੜ੍ਹ ‘ਚ ਨਹੀਂ ਲੱਗੇਗਾ ਪਲਾਂਟ!
ਰਾਜਸਥਾਨ, 20 ਦਸੰਬਰ 2025 (ਵਿਸ਼ਵ ਵਾਰਤਾ) – ਰਾਜਸਥਾਨ ਦੇ ਹਨੂੰਮਾਨਗੜ੍ਹ ਵਿੱਚ ਟਿੱਬੀ ਦੇ ਨੇੜੇ ਹੁਣ ਈਥਾਨੌਲ ਪਲਾਂਟ ਨਹੀਂ ਲਗਾਇਆ ਜਾਵੇਗਾ। ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਕੰਪਨੀ ਨੇ ਇਹ ਵੱਡਾ ਫੈਸਲਾ ਲਿਆ ਹੈ। ਇਸ ਫੈਸਲੇ ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ਲਈ ਇੱਕ ਵੱਡੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ।
ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਇਹ ਕਿਸਾਨਾਂ ਦੇ ਸੰਘਰਸ਼ ਦੀ ਇਤਿਹਾਸਕ ਜਿੱਤ ਹੈ। ਪਰ ਲੜਾਈ ਜਾਰੀ ਰਹੇਗੀ। ਜਿੰਨਾ ਚਿਰ ਕਿਸਾਨਾਂ ਵਿਰੁੱਧ ਦਰਜ ਮਾਮਲੇ ਰੱਦ ਨਹੀਂ ਹੁੰਦੇ।
ਦੱਸ ਦੇਈਏ ਕਿ ਹਨੂੰਮਾਨਗੜ੍ਹ ਦੇ ਟਿੱਬੀ ਵਿੱਚ ਪ੍ਰਸਤਾਵਿਤ ਈਥਾਨੌਲ ਪਲਾਂਟ ਦੇ ਖਿਲਾਫ ਬੁੱਧਵਾਰ ਤੋਂ ਹਨੂੰਮਾਨਗੜ੍ਹ ਵਿੱਚ ਕਿਸਾਨ ਪ੍ਰਦਰਸ਼ਨ ਕਰ ਰਹੇ ਸਨ। ਕਿਸਾਨਾਂ ਦਾ ਕਹਿਣਾ ਸੀ ਕਿ ਫੈਕਟਰੀ ਇਲਾਕੇ ਵਿੱਚ ਪ੍ਰਦੂਸ਼ਣ ਫੈਲਾ ਸਕਦੀ ਹੈ ਅਤੇ ਧਰਤੀ ਹੇਠਲੇ ਪਾਣੀ ਨੂੰ ਗੰਦਾ ਕਰ ਸਕਦੀ ਹੈ। ਹੁਣ ਕੰਪਨੀ ਨੇ ਪਲਾਂਟ ਨੂੰ ਰਾਜ ਤੋਂ ਬਾਹਰ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ।
ਇਸ ਤੋਂ ਪਹਿਲਾ ਜਦੋਂ ਕੰਪਨੀ ਨੇ ਜੁਲਾਈ ਵਿੱਚ ਚਾਰਦੀਵਾਰੀ ਨੂੰ ਬਣਾਉਣਾ ਸ਼ੁਰੂ ਕੀਤਾ, ਤਾਂ ਪ੍ਰੋਜੈਕਟ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ। 10 ਦਸੰਬਰ ਨੂੰ, ਕਿਸਾਨਾਂ ਨੇ ਟਿੱਬੀ ਐਸਡੀਐਮ ਦਫ਼ਤਰ ਦੇ ਸਾਹਮਣੇ ਇੱਕ ਵੱਡਾ ਇਕੱਠ ਕੀਤਾ। ਸ਼ਾਮ ਤੱਕ, ਸੈਂਕੜੇ ਕਿਸਾਨ ਟਰੈਕਟਰਾਂ ਨਾਲ ਫੈਕਟਰੀ ਵਾਲੀ ਥਾਂ ‘ਤੇ ਪਹੁੰਚੇ ਅਤੇ ਚਾਰਦੀਵਾਰੀ ਢਾਹ ਦਿੱਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਹਿੰਸਾ ਵਿੱਚ ਕਈ ਕਿਸਾਨ, ਔਰਤਾਂ ਅਤੇ ਪੁਲਿਸ ਵਾਲੇ ਜ਼ਖਮੀ ਹੋ ਗਏ, ਜਿਸ ਨਾਲ ਇਲਾਕੇ ਵਿੱਚ ਤਣਾਅ ਹੋਰ ਵਧ ਗਿਆ। ਇਸ ਤੋਂ ਇਲਾਵਾ, ਸਾਵਧਾਨੀ ਦੇ ਤੌਰ ‘ਤੇ ਇਲਾਕੇ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ ਅਤੇ ਧਾਰਾ 144 ਲਾਗੂ ਕਰ ਦਿੱਤੀ ਗਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/





















