SGPC ਦਾ ਯੂਟਿਊਬ ਚੈਨਲ ਮੁਅੱਤਲ
ਅਮ੍ਰਿਤਸਰ,19 ਨਵੰਬਰ 2025 (ਵਿਸ਼ਵ ਵਾਰਤਾ): ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਸੰਬੰਧੀ ਚਲਾਏ ਜਾਂਦੇ ਯੂਟਿਊਬ ਚੈਨਲ ਨੂੰ ਯੂਟਿਊਬ ਵਲੋਂ ਇਕ ਹਫ਼ਤੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ। SGPC ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਯੂਟਿਊਬ ਵੱਲੋਂ ਅੱਜ ਮਿਤੀ 19 ਨਵੰਬਰ 2025 ਨੂੰ ਸੰਧਿਆ ਵੇਲੇ ਚੱਲਦੇ ਰਹਿਰਾਸ ਸਾਹਿਬ ਦੇ ਪਾਠ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਵਾਲੇ ਅਧਿਕਾਰਤ ਯੂਟਿਊਬ ਚੈਨਲ “SGPC, Sri Amritsar” @SGPCSriAmritsar ਉੱਤੇ ਇੱਕ ਪਹਿਲਾਂ ਪਾਈ ਵੀਡੀਓ ਵਿਰੁੱਧ ਆਪਣੀ ਨੀਤੀ ਤਹਿਤ ਕਾਰਵਾਈ ਕਰਦਿਆਂ ਚੈਨਲ ਦੀ ਗਤੀਵਿਧੀ ਨੂੰ ਇੱਕ ਹਫ਼ਤੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਅੱਗੇ ਦੱਸਿਆ ਗਿਆ ਕਿ “ਮਿਤੀ 31 ਅਕਤੂਬਰ 2025 ਨੂੰ ਪਾਈ ਗਈ ਸਬੰਧਤ ਵੀਡੀਓ ਵਿੱਚ ਸਿੱਖ ਪ੍ਰਚਾਰਕ ਵੱਲੋਂ ਸਿੱਖ ਯੋਧਿਆਂ ਬਾਰੇ ਵਿਚਾਰ ਰੱਖਦਿਆਂ ਕੁਝ ਪ੍ਰਗਟਾਵੇ ਕੀਤੇ ਗਏ ਸਨ, ਜੋ 1984 ਵਿੱਚ ਵਾਪਰੀਆਂ ਘਟਨਾਵਾਂ ਨਾਲ ਸਬੰਧਤ ਸਿੱਖ ਇਤਿਹਾਸ ਦਾ ਹਿੱਸਾ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਉੱਤੇ ਆਪਣਾ ਸਿੱਖ ਪੱਖ ਯੂਟਿਊਬ ਨਾਲ ਸਾਂਝਾ ਕਰ ਰਹੀ ਹੈ ਸ਼੍ਰੋਮਣੀ ਕਮੇਟੀ ਵਲੋਂ ਸੰਗਤ ਨੂੰ ਅਪੀਲ ਕੀਤੀ ਹੈ ਕਿ ਯੂਟਿਊਬ ਉੱਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਰੋਜ਼ਾਨਾ ਗੁਰਬਾਣੀ ਕੀਰਤਨ ਪ੍ਰਸਾਰਣ ਨਾਲ ਜੁੜਨ ਲਈ ਸ਼੍ਰੋਮਣੀ ਕਮੇਟੀ ਦੇ ਦੂਸਰੇ ਅਧਿਕਾਰਤ ਚੈਨਲ https://youtube.com/@officialsgpc (Shiromani Gurdwara Parbandhak Committee) ਨਾਲ ਜੁੜਿਆ ਜਾਵੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























