ਸੀਪੀਆਈ ਵੱਲੋਂ ਜ਼ਿਲ੍ਹਾ ਕਚਹਿਰੀਆਂ ਵਿਚ ਕਿਸਾਨਾਂ—ਮਜ਼ਦੂਰਾਂ ਨੂੰ ਲੈਕੇ ਕੀਤਾ ਰੋਸ ਪ੍ਰਦਰਸ਼ਨ
ਕਿਸਾਨਾਂ, ਮਜ਼ਦੂਰਾਂ ਦੇ ਸਮੁੱਚੇ ਕਰਜਾ ਮੁਆਫੀ ਤੱਕ ਸੰਘਰਸ਼ ਜਾਰੀ ਰਹੇਗਾ—ਅਰਸ਼ੀ
ਮਾਨਸਾ, 13 ਫਰਵਰੀ (ਵਿਸ਼ਵ ਵਾਰਤਾ)- ਸੀ.ਪੀ.ਆਈ. ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਆਰਥਿਕ ਤੰਗੀਆਂ—ਤੁਰਸ਼ੀਆਂ ਕਾਰਨ ਦੇਸ਼ ਦਾ ਅੰਨਦਾਤਾ ਕਿਸਾਨ ਅਤੇ ਮਜ਼ਦੂਰ ਨੇ ਮਜ਼ਬੂਰੀ ਵਸ ਖੁਦਕੁਸ਼ੀਆਂ ਦਾ, ਜੋ ਰਾਸਤਾ ਅਖਤਿਆਰ ਕਰ ਰਿਹਾ ਹੈ, ਉਸ ਲਈ ਉਪਰਲੀ ਅਤੇ ਹੇਠਲੀ ਹਕੂਮਤ ਨੇ ਅੱਖਾਂ ਅਤੇ ਕੰਨਾਂ ਨੂੰ ਬੰਦ ਕਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਖੇਤ ਮਜ਼ਦੂਰ ਸਭਾ ਅਤੇ ਕਿਸਾਨ ਸਭਾ ਵੱਲੋਂ ਕਿਸਾਨਾਂ, ਮਜ਼ਦੂਰਾਂ ਦੇ ਸਮੁੱਚੇ ਕਰਜਾ ਮੁਆਫੀ ਤੱਕ ਸੰਘਰਸ਼ ਜਾਰੀ ਰਹੇਗਾ। ਉਹ ਜ਼ਿਲ੍ਹਾ ਕਚਹਿਰੀਆਂ ਵਿਚ ਕਿਸਾਨਾਂ, ਮਜ਼ਦੂਰਾਂ ਦੀ ਰੋਸ ਰੈਲੀ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਹਰੀ ਕ੍ਰਾਂਤੀ ਦੇ ਨਾਇਕ ਨੂੰ ਖੁਦਕੁਸ਼ੀਆਂ ਦੇ ਰਾਹ ਤੋਂ ਮੋੜਨ ਲਈ ਨਾ ਕਦੇ ਅਕਾਲੀ ਹਕੂਮਤ ਗੰਭੀਰ ਹੋਈ ਹੈ ਅਤੇ ਨਾ ਹੀ ਹੁਣ ਦੋ ਸਾਲਾਂ ਤੋਂ ਕਾਂਗਰਸ ਨੇ ਸਹੀ ਰਸਤਾ ਚੁਣਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਢਿੱਡ ਭਰਨ ਵਾਲੇ ਇਕੱਲੇ ਕਿਸਾਨ ਵੱਲੋਂ ਹੀ ਖੁਦਕੁਸ਼ੀਆਂ ਨਹੀਂ ਕੀਤੀਆਂ ਜਾ ਰਹੀਆਂ, ਸਗੋਂ ਉਸਦੇ ਪੁੱਤਰ—ਧੀ ਅਤੇ ਪਤਨੀਆਂ ਵੀ ਉਸੇ ਰਸਤੇ ਚੱਲਣ ਲੱਗੀਆਂ ਹਨ, ਜਦੋਂ ਕਿ ਖੇਤ ਮਜ਼ਦੂਰਾਂ ਵੱਲੋਂ ਹੀ ਅਜਿਹੇ ਕਦਮ ਮਜਬੂਰੀ ਵਸ ਪੁੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿਆਣੀਆਂ ਸਰਕਾਰਾਂ ਅਜਿਹੇ ਭਟਕੇ ਹੋਏ ਰਸਤਿਆਂ *ਤੇ ਜਾਣ ਲਈ ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਨੂੰ ਰੋਕ ਸਕਦੀਆਂ ਹਨ, ਪਰ ਅਜਿਹਾ ਲਗਾਤਾਰ ਦੋ ਦਹਾਕਿਆਂ ਤੋਂ ਨਹੀਂ ਹੋਇਆ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਆਪਣੇ ਬਚਾਅ ਲਈ ਪੇਸ਼ ਕੀਤਾ ਗਿਆ ਬੱਜਟ ਚੋਣ ਜੁਮਲਾ ਹੈ ਅਤੇ ਲੋਕ ਵਿਰੋਧੀ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਦੇ ਲਗਭਗ ਦੋ ਸਾਲ ਬੀਤਣ ਦੇ ਬਾਵਜੂਦ ਇੱਕ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ ਗਿਆ, ਜਿਸ ਦੀ ਵਾਅਦਾ ਖਿਲਾਫੀ ਦੇ ਖਿਲਾਫ ਪੰਜਾਬ ਅੰਦਰ ਜ਼ੋਰਦਾਰ ਸੰਘਰਸ਼ ਦੀ ਲੋੜ ਹੈ। ਉਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦੀ ਮੰਗ ਕਰਦਿਆਂ ਕਿਹਾ ਕਿ ਹਰ ਇੱਕ ਨੌਜਵਾਨ ਲਈ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ ਬਣਾਇਆ ਜਾਵੇ ਅਤੇ ਹਰ 60 ਸਾਲ ਦੇ ਵਿਅਕਤੀਆਂ ਲਈ ਘੱਟੋ—ਘੱਟ ਪੈਨਸ਼ਨ 5000 ਰੁਪਏ ਪ੍ਰਤੀ ਮਹੀਨਾ ਦੇਣੀ ਯਕੀਨੀ ਬਣਾਈ ਜਾਵੇ। ਕਾਮਰੇਡ ਅਰਸ਼ੀ ਨੇ ਕਿਹਾ ਕਿ ਮਨਰੇਗਾ ਕਾਨੂੰਨ ਵਿੱਚ ਹੋ ਰਹੀ ਘਪਲੇਬਾਜ਼ੀ ਨੂੰ ਰੋਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਅਤੇ ਕਾਮਿਆਂ ਲਈ ਘੱਟੋ—ਘੱਟ 250 ਦਿਨ ਕੰਮ ਅਤੇ 600 ਰੁਪਏ ਪ੍ਰਤੀ ਦਿਨ ਦਿਹਾੜੀ ਤਹਿ ਕੀਤੇ ਜਾਣ ਦੀ ਮੰਗ ਕੀਤੀ।
ਪੰਜਾਬ ਖੇਤ ਮਜ਼ਦੂਰ ਸਭਾ ਦੇ ਜਿਲ੍ਹਾ ਪ੍ਰਧਾਨ ਕ੍ਰਿਸ਼ਨ ਚੌਹਾਨ ਨੇ ਕਿਹਾ ਕਿ ਚੋਣ ਵਾਅਦਿਆਂ ਨੂੰ ਲਾਗੂ ਨਾ ਕਰਨ ਵਾਲਿਆਂ ਸਿਆਸੀ ਧਿਰਾਂ ਦੀ ਮਾਨਤਾ ਖਤਮ ਕੀਤੀ ਜਾਵੇ। ਉਨ੍ਹਾਂ ਬੇਘਰੇ ਮਜ਼ਦੂਰਾਂ ਅਤੇ ਦਲਿਤਾਂ ਨੂੰ ਪਲਾਟ ਦੇਣ ਅਤੇ ਮਕਾਨ ਉਸਾਰੀ ਲਈ ਯੋਗ ਰਾਸ਼ੀ ਦੇਕੇ ਕੈਪਟਨ ਸਰਕਾਰ ਨੂੰ ਚੋਣ ਵਾਅਦੇ ਪੂਰੇ ਕਰਨ ਦੀ ਗੱਲ ਕੀਤੀ ਅਤੇ ਸਰਕਾਰ ਵੱਲੋਂ ਕੱਟੀਆਂ ਗਈਆਂ ਬੁਢਾਪਾ, ਵਿਧਵਾ ਪੈਨਸ਼ਨਾਂ ਨੂੰ ਮੁੜ ਜਲਦੀ ਚਾਲੂ ਕਰਨ ਅਤੇ ਬਕਾਇਆ ਦੇਣ ਦੀ ਮੰਗ ਕੀਤੀ।
ਪੰਜਾਬ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਮਾਨਸਾ ਨੇ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਵਿੱਚ ਵੱਡੇ ਪੱਧਰ *ਤੇ ਨੀਲੇ ਕਾਰਡਾਂ ਨੂੰ ਆਧਾਰ ਕਾਰਡਾਂ ਨਾਲ ਜੋੜਨ ਦੇ ਨਾਮ ਹੇਠ ਕੱਟੇ ਗਏ ਨੀਲੇ ਕਾਰਡਾਂ ਨੂੰ ਚਾਲੂ ਕਰਨ ਅਤੇ ਨਵੇਂ ਨੀਲੇ ਕਾਰਡ ਬਣਾਉਣ ਅਤੇ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਮਕਾਨਾਂ ਦੇ ਬਕਾਇਆ ਪਏ ਡੇਢ—ਡੇਢ ਲੱਖ ਰੁਪਏ ਜਾਰੀ ਕਰਨ ਦੀ ਮੰਗ ਕੀਤੀ ਗਈ।
ਇਸ ਮੌਕੇ ਸੀਤਾ ਰਾਮ ਗੋਬਿੰਦਪੁਰਾ, ਮਨਜੀਤ ਕੌਰ ਗਾਮੀਵਾਲਾ, ਮਲਕੀਤ ਸਿੰਘ ਮੰਦਰਾਂ, ਸੁਖਦੇਵ ਸਿੰਘ ਪੰਧੇਰ, ਰਤਨ ਭੋਲਾ, ਕ੍ਰਿਸ਼ਨ ਉੱਭਾ, ਮੰਗਤ ਭੀਖੀ, ਕੇਵਲ ਐਮ.ਸੀ., ਭੁਪਿੰਦਰ ਬੱਪੀਆਣਾ, ਭੁਪਿੰਦਰ ਗੁਰਨੇ, ਬਲਵੀਰ ਸਹਾਰਨਾ, ਮਾਸਟਰ ਗੁਰਬਚਨ ਸਿੰਘ ਮੰਦਰਾਂ, ਮਲਕੀਤ ਬਖਸ਼ੀਵਾਲਾ ਨੇ ਵੀ ਸੰਬੋਧਨ ਕੀਤਾ।
ਫੋਟੋ ਨੰਬਰ: 01
ਫੋਟੋ ਕੈਪਸ਼ਨ: ਮਾਨਸਾ ਦੀਆਂ ਜ਼ਿਲ੍ਹਾ ਕਚਹਿਰੀਆਂ ਵਿਚ ਸੀਪੀਆਈ ਦੇ ਆਗੂ ਸਰਕਾਰ ਵਿਰੁੱਧ ਨਾਅਰੇਬਾਜੀ ਕਰਦੇ ਹੋਏ।