Punjab : ਭਾਜਪਾ ਪੰਜਾਬ ਨੇ ਮੁੱਖ ਮੰਤਰੀ ਮਾਨ ਵੱਲੋਂ ਪੀਐਮ ਮੋਦੀ ’ਤੇ ਕੀਤੀਆਂ ਟਿੱਪਣੀਆਂ ਦੀ ਕੀਤੀ ਨਿੰਦਾ, ਪੜ੍ਹੋ ਕੀ ਕਿਹਾ
ਚੰਡੀਗੜ੍ਹ, 27 ਸਤੰਬਰ (ਵਿਸ਼ਵ ਵਾਰਤਾ): ਭਾਰਤੀ ਜਨਤਾ ਪਾਰਟੀ ਪੰਜਾਬ ਨੇ ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਕੀਤੀਆਂ ਅਪਮਾਨਜਨਕ ਟਿੱਪਣੀਆਂ ਦੀ ਕੜੀ ਨਿੰਦਾ ਕੀਤੀ।ਭਾਜਪਾ ਪੰਜਾਬ ਦੇ ਉਪ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ “ਪ੍ਰਧਾਨ ਮੰਤਰੀ ਦਾ ਅਪਮਾਨ ਕਰਕੇ, ਮਾਨ ਨੇ ਉਹਨਾਂ 140 ਕਰੋੜ ਭਾਰਤੀਆਂ ਦਾ ਅਪਮਾਨ ਕੀਤਾ ਹੈ ਜਿਨ੍ਹਾਂ ਨੇ ਮੋਦੀ ਜੀ ਨੂੰ ਇਤਿਹਾਸਕ ਤੌਰ ’ਤੇ ਤੀਜੀ ਵਾਰ ਜਨਮੰਡੇਟ ਦਿੱਤਾ ਹੈ।”
ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਉਸ ਬਿਆਨਬਾਜ਼ੀ ਦੀ ਨਿੰਦਾ ਕੀਤੀ, ਜਿਸ ਵਿੱਚ ਉਹ ਭਾਜਪਾ ਦੇ ਕੇਂਦਰੀ ਮੰਤਰੀਆਂ ਦੇ ਹੜ੍ਹ-ਪ੍ਰਭਾਵਿਤ ਪੰਜਾਬ ਦੌਰਿਆਂ ’ਤੇ ਸਵਾਲ ਉਠਾ ਰਹੇ ਸਨ। ਸ਼ਰਮਾ ਨੇ ਕਿਹਾ ਕਿ ਦੂਜਿਆਂ ’ਤੇ ਉਂਗਲੀ ਚੁੱਕਣ ਤੋਂ ਪਹਿਲਾਂ ਮਾਨ ਇਹ ਦੱਸਣ ਕਿ ਹੜ੍ਹ ਦੇ ਦੌਰਾਨ ਉਹ ਕਿਉਂ ਕਰੋੜਾਂ ਕਰਦਾਤਾਵਾਂ ਦੇ ਪੈਸਿਆਂ ਨਾਲ ਤਮਿਲਨਾਡੂ ਵਿੱਚ ਰਾਜਨੀਤਿਕ ਸੈਰ-ਸਪਾਟੇ ’ਤੇ ਗਏ ਸਨ? ਇੱਥੋਂ ਤੱਕ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਹੜ੍ਹ ਰਾਹਤ ਦੀ ਸਮੀਖਿਆ ਲਈ ਪੰਜਾਬ ਆਏ, ਤਾਂ ਮਾਨ ਨੇ ਬਿਮਾਰੀ ਦਾ ਬਹਾਨਾ ਬਣਾਇਆ ਅਤੇ ਮੀਟਿੰਗ ਤੋਂ ਗੈਰਹਾਜ਼ਰ ਰਹੇ, ਇੱਥੋਂ ਤੱਕ ਕਿ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਵੀ ਨਹੀਂ ਭੇਜਿਆ।
ਉਨ੍ਹਾਂ ਕਿਹਾ ਕਿ “ਮੌਜੂਦਾ ਹੜ੍ਹ ਪੂਰੀ ਤਰ੍ਹਾਂ ਮਾਨ-ਮੇਡ ਡਿਜ਼ਾਸਟਰ ਹੈ। ਦਰਿਆਵਾਂ ਦੀ ਸਫ਼ਾਈ (ਡਿਸਿਲਟਿੰਗ) ਨਹੀਂ ਹੋਈ ਅਤੇ ਗੈਰ-ਕਾਨੂੰਨੀ ਖਣਨ—ਜਿਸ ਵਿੱਚ ਆਪ ਮੰਤਰੀ ਦੇ ਰਿਸ਼ਤੇਦਾਰਾਂ ਦੀ ਸ਼ਮੂਲੀਅਤ ਦੱਸੀ ਜਾਂਦੀ ਹੈ—ਨੇ ਸੰਕਟ ਹੋਰ ਗੰਭੀਰ ਕਰ ਦਿੱਤਾ। ਭਾਜਪਾ ਨੇ 12,000 ਕਰੋੜ ਰੁਪਏ ਦੇ SDRF ਫੰਡ ਦਾ ਤੁਰੰਤ ਖੁਲਾਸਾ ਕਰਨ ਦੀ ਮੰਗ ਕੀਤੀ ਹੈ, ਜਿਨ੍ਹਾਂ ਦਾ ਅਜੇ ਤੱਕ ਕੋਈ ਹਿਸਾਬ ਨਹੀਂ ਦਿੱਤਾ ਗਿਆ।
ਪੰਜਾਬ ਪ੍ਰਭਾਵਿਤ ਪਰਿਵਾਰਾਂ ਲਈ ਸਿੱਧੇ ਲਾਭ ਅਦਾਇਗੀ ਅਤੇ ਢਿੱਲ੍ਹੀਆਂ ਗੱਲਾਂ ਨਹੀਂ, ਸਖ਼ਤ ਨੇਤ੍ਰਿਤਵ ਦੀ ਮੰਗ ਕਰ ਰਿਹਾ ਹੈ। ਹੁਣ ਲੋਕਾਂ ਦਾ ਆਮ ਆਦਮੀ ਪਾਰਟੀ ਸਰਕਾਰ ’ਤੇ ਵਿਸ਼ਵਾਸ ਉਠ ਗਿਆ ਹੈ, ਸ਼ਰਮਾ ਨੇ ਕਿਹਾ। ਭਾਜਪਾ ਨੇ ਦੁਹਰਾਇਆ ਕਿ ਉਹ ਪੰਜਾਬ ਦੀ ਜਨਤਾ ਦੇ ਨਾਲ ਖੜੀ ਹੈ। ਸਾਡੇ ਮੰਤਰੀ ਅਤੇ ਵਰਕਰ ਸੂਬੇ ਭਰ ਵਿੱਚ ਰਾਸ਼ਨ ਅਤੇ ਰਾਹਤ ਪਹੁੰਚਾ ਰਹੇ ਹਨ, ਇਹ ਸਾਬਤ ਕਰਦੇ ਹੋਏ ਕਿ ਜ਼ਿੰਮੇਵਾਰ ਸ਼ਾਸਨ ਦਾ ਅਰਥ ਸੇਵਾ ਹੈ, ਨਾਂ ਕਿ ਦਿਖਾਵਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























