Pakistan train attack :ਪਾਕਿਸਤਾਨ ‘ਚ ਜਾਫਰ ਐਕਸਪ੍ਰੈਸ ‘ਤੇ ਹਮਲਾ; 270 ਯਾਤਰੀ ਸਨ ਸਵਾਰ
– 6 ਡੱਬੇ ਪਟੜੀ ਤੋਂ ਉਤਰੇ
ਪਾਕਿਸਤਾਨ, 24 ਸਤੰਬਰ 2025 (ਵਿਸ਼ਵ ਵਾਰਤਾ): ਪਾਕਿਸਤਾਨ ਵਿੱਚ ਇੱਕ ਵਾਰ ਫਿਰ ਜਾਫਰ ਐਕਸਪ੍ਰੈਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਬਲੋਚਿਸਤਾਨ ਸੂਬੇ ‘ਚ ਮੰਗਲਵਾਰ ਨੂੰ ਜਾਫਰ ਐਕਸਪ੍ਰੈਸ ਟ੍ਰੇਨ ‘ਤੇ ਹੋਏ ਬੰਬ ਹਮਲੇ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਲਗਭਗ 12 ਲੋਕ ਜ਼ਖਮੀ ਹੋ ਗਏ। ਇਸ ਰੇਲਗੱਡੀ ਵਿੱਚ ਲਗਭਗ 270 ਯਾਤਰੀ ਸਵਾਰ ਸਨ।
ਹਮਲੇ ਵਿੱਚ ਛੇ ਡੱਬੇ ਪਟੜੀ ਤੋਂ ਉਤਰ ਗਏ ਅਤੇ ਇੱਕ ਪਲਟ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ 10 ਘੰਟਿਆਂ ਦੇ ਅੰਦਰ ਇਸ ਖੇਤਰ ਵਿੱਚ ਦੂਜਾ ਧਮਾਕਾ ਸੀ। ਮੀਡੀਆ ਰਿਪੋਰਟਾਂ ਅਨੁਸਾਰ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਕਵੇਟਾ ਜਾਣ ਵਾਲੀ ਟ੍ਰੇਨ ਮਸਤੁੰਗ ਜ਼ਿਲ੍ਹੇ ਦੇ ਸਪਿਜੇਂਡ ਖੇਤਰ ਵਿੱਚੋਂ ਲੰਘ ਰਹੀ ਸੀ।
ਪਾਕਿਸਤਾਨ ਰੇਲਵੇ ਦੇ ਅਨੁਸਾਰ, ਧਮਾਕੇ ਤੋਂ ਬਾਅਦ ਜਾਫਰ ਐਕਸਪ੍ਰੈਸ ਦੇ ਛੇ ਡੱਬੇ ਪਟੜੀ ਤੋਂ ਉਤਰ ਗਏ ਅਤੇ ਉਨ੍ਹਾਂ ਵਿੱਚੋਂ ਇੱਕ ਪਲਟ ਗਿਆ। ਰੇਲਗੱਡੀ ਨੂੰ ਕੁਝ ਸਮੇਂ ਲਈ ਰੋਕਿਆ ਗਿਆ ਸੀ ਪਰ ਸੁਰੱਖਿਆ ਪ੍ਰਵਾਨਗੀ ਤੋਂ ਬਾਅਦ ਅੱਗੇ ਵਧਣ ਦੀ ਇਜਾਜ਼ਤ ਦੇ ਦਿੱਤੀ ਗਈ ਕਿਉਂਕਿ ਟਰੈਕ ਨੂੰ ਕੋਈ ਨੁਕਸਾਨ ਨਹੀਂ ਹੋਇਆ ਸੀ। ਦੱਸ ਦਈਏ ਕਿ ਇਸ ਸਾਲ ਦੇ ਸ਼ੁਰੂ ਵਿੱਚ ਬਲੋਚਿਸਤਾਨ ਦੇ ਮਾਛ ਇਲਾਕੇ ਵਿੱਚ ਜਾਫਰ ਐਕਸਪ੍ਰੈਸ ‘ਤੇ ਹਮਲਾ ਹੋਇਆ ਸੀ, ਜਿਸ ਵਿੱਚ 6 ਫੌਜੀ ਜਵਾਨ ਮਾਰੇ ਗਏ ਸਨ ਅਤੇ ਰੇਲਗੱਡੀ ਦੇ 450 ਤੋਂ ਵੱਧ ਯਾਤਰੀਆਂ ਨੂੰ ਬੰਧਕ ਬਣਾ ਲਿਆ ਗਿਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























