Punjab : ਪੰਜਾਬ ਦੇ ਹਰ ਨਾਗਰਿਕ ਨੂੰ ਮਿਲੇਗਾ ਮੁਫ਼ਤ ਤੇ ਕੈਸ਼ਲੈੱਸ ਇਲਾਜ; ਕੱਲ੍ਹ ਤੋਂ ਹੋਵੇਗੀ ਰਸਮੀ ਸ਼ੁਰੂਆਤ
– ਭਲਕੇ ਇਨ੍ਹਾਂ ਜ਼ਿਲ੍ਹਿਆਂ ‘ਚ ਕੈਂਪ ਲਗਾ ਕੇ ਭਰੇ ਜਾਣਗੇ ਲੋਕਾਂ ਦੇ ਫ਼ਾਰਮ
ਚੰਡੀਗੜ੍ਹ, 22 ਸਤੰਬਰ 2025 (ਵਿਸ਼ਵ ਵਾਰਤਾ) – ਪੰਜਾਬ (Punjab) ਦੇ ਹਰ ਨਾਗਰਿਕ ਨੂੰ ਹੁਣ ਮੁਫ਼ਤ ਤੇ ਕੈਸ਼ਲੈੱਸ ਇਲਾਜ ਮਿਲੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਲਾਨ ਕੀਤਾ ਕਿ ਸਿਹਤ ਕਾਰਡ ਯੋਜਨਾ ਲਈ ਰਜਿਸਟ੍ਰੇਸ਼ਨ 23 ਸਤੰਬਰ ਤੋਂ ਸ਼ੁਰੂ ਹੋਵੇਗੀ। ਇਸ ਦੀ ਸ਼ੁਰੂਆਤ ਤਰਨਤਾਰਨ ਅਤੇ ਬਰਨਾਲਾ ਜ਼ਿਲ੍ਹਿਆਂ ਤੋਂ ਹੋਵੇਗੀ।ਕੈਂਪ ਲਗਾ ਕੇ ਲੋਕਾਂ ਦੇ ਫ਼ਾਰਮ ਭਰੇ ਜਾਣਗੇ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਰਜਿਸਟ੍ਰੇਸ਼ਨ ਪ੍ਰਕਿਰਿਆ 10 ਤੋਂ 15 ਦਿਨਾਂ ਦੇ ਅੰਦਰ ਪੂਰੀ ਕਰ ਲਈ ਜਾਵੇਗੀ, ਜਿਸ ਤੋਂ ਬਾਅਦ ਇਹ ਯੋਜਨਾ ਪੂਰੇ ਪੰਜਾਬ ਵਿੱਚ ਲਾਗੂ ਕੀਤੀ ਜਾਵੇਗੀ। ਇਸ ਯੋਜਨਾ ਤਹਿਤ ਹਰੇਕ ਪਰਿਵਾਰ ਨੂੰ ਇੱਕ ਸਿਹਤ ਕਾਰਡ ਪ੍ਰਦਾਨ ਕੀਤਾ ਜਾਵੇਗਾ। ਜਿਸ ਰਾਹੀਂ ਉਹ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫ਼ਤ ਤੇ ਕੈਸ਼ਲੈੱਸ ਇਲਾਜ ਕਰਵਾ ਸਕਣਗੇ।
ਇਸ ਵਿੱਚ ਵੱਡੇ ਆਪ੍ਰੇਸ਼ਨ, ਸਰਜਰੀਆਂ ਅਤੇ ਗੰਭੀਰ ਬਿਮਾਰੀਆਂ ਦੇ ਇਲਾਜ ਸ਼ਾਮਲ ਹੋਣਗੇ। ਇਹ ਯੋਜਨਾ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੋਵਾਂ ਨੂੰ ਕਵਰ ਕਰੇਗੀ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਕਾਰਨ ਕਰਕੇ ਕੋਈ ਵਿਅਕਤੀ ਰਜਿਸਟਰ ਨਹੀਂ ਕਰਵਾ ਸਕਿਆ, ਤਾਂ ਉਹ ਸਿਰਫ਼ ਆਧਾਰ ਜਾਂ ਵੋਟਰ ਆਈਡੀ ਦਿਖਾ ਕੇ ਇਨ੍ਹਾਂ ਸਹੂਲਤਾਂ ਦਾ ਲਾਭ ਉਠਾ ਸਕੇਗਾ।























