Operation Mahadev ਤਹਿਤ ਵੱਡੀ ਕਾਰਵਾਈ, 3 ਪਾਕਿਸਤਾਨੀ ਅੱਤਵਾਦੀ ਢੇਰ
ਜੰਮੂ-ਕਸ਼ਮੀਰ, 28 ਜੁਲਾਈ (ਵਿਸ਼ਵ ਵਾਰਤਾ): ਫੌਜ ਨੇ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਵਿੱਚ ਆਪ੍ਰੇਸ਼ਨ ਮਹਾਦੇਵ (Operation Mahadev) ਤਹਿਤ 3 ਪਾਕਿਸਤਾਨੀ ਅੱਤਵਾਦੀਆਂ ਨੂੰ ਮਾਰ ਦਿੱਤਾ । ਇਹ ਜਾਣਕਾਰੀ ਭਾਰਤੀ ਫੌਜ ਦੀ ਚਿਨਾਰ ਕੋਰ ਨੇ ਦਿੱਤੀ। ਮੀਡੀਆ ਰਿਪੋਰਟਾਂ ਅਨੁਸਾਰ, ਪਹਿਲਗਾਮ ਹਮਲੇ ਦਾ ਮੁੱਖ ਦੋਸ਼ੀ ਹਾਸ਼ਿਮ ਮੂਸਾ ਵੀ ਮਾਰੇ ਗਏ ਅੱਤਵਾਦੀਆਂ ਵਿੱਚ ਸ਼ਾਮਲ ਹੈ। ਹਾਲਾਂਕਿ, ਫੌਜ ਨੇ ਅਧਿਕਾਰਤ ਤੌਰ ‘ਤੇ ਇਸਦੀ ਪੁਸ਼ਟੀ ਨਹੀਂ ਕੀਤੀ ਹੈ।

ਦੱਸ ਦਈਏ ਕਿ ਸ਼੍ਰੀਨਗਰ ਦੇ ਲਿਡਵਾਸ ਇਲਾਕੇ ਵਿੱਚ ਸੋਮਵਾਰ ਨੂੰ ਅੱਤਵਾਦੀਆਂ ਵਿਰੁੱਧ ਆਪ੍ਰੇਸ਼ਨ ਮਹਾਦੇਵ (Operation Mahadev) ਸ਼ੁਰੂ ਕੀਤਾ ਗਿਆ। ਇਸ ਆਪ੍ਰੇਸ਼ਨ ਦੌਰਾਨ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਹੋਇਆ। ਹਾਲਾਂਕਿ, ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ, ਆਪ੍ਰੇਸ਼ਨ ਮਹਾਦੇਵ ਦੇ ਤਹਿਤ 3 ਅੱਤਵਾਦੀ ਮਾਰੇ ਗਏ ਹਨ।
ਅੱਤਵਾਦੀਆਂ ਤੋਂ ਅਮਰੀਕਾ ਵਿੱਚ ਬਣੀ M4 ਕਾਰਬਾਈਨ, AK-47, 17 ਰਾਈਫਲ ਗ੍ਰਨੇਡ ਬਰਾਮਦ ਕੀਤੇ ਗਏ ਹਨ। ਇਨ੍ਹਾਂ ਤੋਂ ਇਲਾਵਾ ਕਈ ਹੋਰ ਸ਼ੱਕੀ ਚੀਜ਼ਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਫੌਜ ਦੇ ਬੁਲਾਰੇ ਨੇ ਕਿਹਾ ਕਿ ਅੱਤਵਾਦੀਆਂ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਮੀਡੀਆ ਨੂੰ ਅੱਜ ਸ਼ਾਮ ਤੱਕ ਆਪਰੇਸ਼ਨ ਮਹਾਦੇਵ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਇੱਕ ਅੱਤਵਾਦੀ ਹਮਲਾ ਹੋਇਆ ਸੀ। ਇਸ ਹਮਲੇ ਵਿੱਚ ਅੱਤਵਾਦੀਆਂ ਨੇ 26 ਨਿਹੱਥੇ ਲੋਕਾਂ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਮਾਰ ਦਿੱਤਾ ਸੀ। ਜਾਣਕਾਰੀ ਮਿਲੀ ਕਿ ਇਸ ਹਮਲੇ ਵਿੱਚ ਪਾਕਿਸਤਾਨੀ ਅੱਤਵਾਦੀ ਸ਼ਾਮਲ ਸਨ। ਤਿੰਨ ਅੱਤਵਾਦੀਆਂ ਦੇ ਸਕੈੱਚ ਵੀ ਜਾਰੀ ਕੀਤੇ ਗਏ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























