Punjab ਮੰਤਰੀ ਹਰਪਾਲ ਚੀਮਾ ਨੇ ਕੰਗਨਾ ਰਣੌਤ ਦੇ ਵਿਵਾਦਿਤ ਬਿਆਨ ‘ਤੇ ਕਰਾਰਾ ਦਿੱਤਾ ਜਵਾਬ
– ਕੰਗਨਾ ਨੇ ਹਿਮਾਚਲ ‘ਚ ਨਸ਼ਿਆਂ ਲਈ ਪੰਜਾਬ ਨੂੰ ਠਹਿਰਾਇਆ ਸੀ ਜਿੰਮੇਵਾਰ
ਚੰਡੀਗੜ੍ਹ, 25 ਜੁਲਾਈ (ਵਿਸ਼ਵ ਵਾਰਤਾ): ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸਾਂਸਦ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੱਲੋਂ ਨਸ਼ੇ ‘ਤੇ ਦਿੱਤੇ ਗਏ ਬਿਆਨ ਕਾਰਨ ਪੰਜਾਬ (Punjab) ਦੀ ਰਾਜਨੀਤੀ ਗਰਮਾ ਗਈ ਹੈ। ਦੱਸ ਦਈਏ ਕਿ ਕੰਗਨਾ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ “ਨਸ਼ਿਆਂ ਕਾਰਨ ਹਿਮਾਚਲ ਵਿੱਚ ਸਥਿਤੀ ਗੰਭੀਰ ਹੋ ਗਈ ਹੈ। ਜੇਕਰ ਜਲਦੀ ਹੀ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਸਾਡੀ ਸਥਿਤੀ ਪੰਜਾਬ ਦੇ ਉਨ੍ਹਾਂ ਪਿੰਡਾਂ ਵਰਗੀ ਹੋ ਜਾਵੇਗੀ, ਜਿੱਥੇ ਸਿਰਫ਼ ਔਰਤਾਂ ਅਤੇ ਵਿਧਵਾਵਾਂ ਹੀ ਰਹਿੰਦੀਆਂ ਹਨ।”

ਆਮ ਆਦਮੀ ਪਾਰਟੀ ਦੇ ‘ਆਪ’ ਵਿਧਾਇਕ ਅਤੇ ਵਿੱਤ ਮੰਤਰੀ (Punjab) ਹਰਪਾਲ ਸਿੰਘ ਚੀਮਾ ਨੇ ਇਸ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ “ਕੰਗਨਾ ਰਣੌਤ ਨੂੰ ਆਪਣੇ ਬਿਆਨਾਂ ‘ਤੇ ਕਾਬੂ ਰੱਖਣਾ ਚਾਹੀਦਾ ਹੈ। ਕਿਉਂਕਿ ਉਹ ਅਕਸਰ ਬੇਤੁਕੀਆ ਗੱਲਾਂ ਅਤੇ ਬਿਆਨਬਾਜ਼ੀਆਂ ਕਰਕੇ ਮੀਡੀਆ ਵਿੱਚ ਬਣੇ ਰਹਿਣ ਦੀ ਕੋਸ਼ਿਸ਼ ਕਰਦੀ ਹੈ। ਉਸਨੂੰ ਅਜੇ ਸਮਾਜ ਦੀ ਸਹੀ ਸਮਝ ਨਹੀਂ ਹੈ। ਉਹ ਹਰ ਰੋਜ਼ ਸਮਾਜ ਅਤੇ ਔਰਤਾਂ ਬਾਰੇ ਅਸ਼ਲੀਲ ਟਿੱਪਣੀਆਂ ਕਰਦੀ ਰਹਿੰਦੀ ਹੈ, ਜਿਸਦੀ ਮੈਂ ਸਖ਼ਤ ਨਿੰਦਾ ਕਰਦਾ ਹਾਂ।”

ਹਰਪਾਲ ਚੀਮਾ ਨੇ ਕਿਹਾ ਕਿ ਨਸ਼ੇ ਦੀ ਸਮੱਸਿਆ ਸਿਰਫ਼ ਪੰਜਾਬ, ਹਿਮਾਚਲ ਤੱਕ ਹੀ ਸੀਮਤ ਨਹੀਂ ਹੈ ਸਗੋਂ ਪੂਰੇ ਦੇਸ਼ ਚ ਹੀ ਹੈ। ਹਾਲ ਹੀ ਵਿੱਚ ਇੱਕ ਰਾਸ਼ਟਰੀ ਰਿਪੋਰਟ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਪੰਜਾਬ ਦੂਜੇ ਰਾਜਾਂ ਦੇ ਮੁਕਾਬਲੇ ਬਹੁਤ ਪਿੱਛੇ ਹੈ। ਵਿੱਤ ਮੰਤਰੀ ਨੇ ਕਿਹਾ ਕਿ ਜਿੱਥੇ ਵੀ ਭਾਜਪਾ ਦੀਆਂ ਸਰਕਾਰਾਂ ਹਨ, ਖਾਸ ਕਰਕੇ ਜੇ ਅਸੀਂ ਗੁਜਰਾਤ ਦੀ ਗੱਲ ਕਰੀਏ, ਤਾਂ ਜ਼ਿਆਦਾਤਰ ਨਸ਼ੇ ਪੂਰੇ ਦੇਸ਼ ਨੂੰ ਗੁਜਰਾਤ ਰਾਹੀਂ ਸਪਲਾਈ ਕੀਤੇ ਜਾਂਦੇ ਹਨ। ਦੇਸ਼ ਇਹ ਜਾਣਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸਦਾ ਜਵਾਬ ਦੇਣਾ ਚਾਹੀਦਾ ਹੈ।”

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























