Punjab: ਲਾਰੈਂਸ-ਗੋਲਡੀ ਬਰਾੜ ਦਾ ਕਰੀਬੀ ਸਾਥੀ ਗੈਂਗਸਟਰ ਗ੍ਰਿਫ਼ਤਾਰ: ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਵੀ ਹੈ ਨਾਮ

ਖੰਨਾ, 18 ਜੁਲਾਈ 2025 (ਵਿਸ਼ਵ ਵਾਰਤਾ) – ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਨਜ਼ਦੀਕੀ ਸਾਥੀ ਗੈਂਗਸਟਰ ਰਵੀ ਰਾਜਗੜ੍ਹ ਨੂੰ ਖੰਨਾ ਪੁਲਿਸ (Punjab) ਨੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਸੂਤਰਾਂ ਮਿਲੀ ਜਾਣਕਾਰੀ ਅਨੁਸਾਰ ਅਨੁਸਾਰ ਰਵੀ ਰਾਜਗੜ੍ਹ ਦੇ ਪਿਤਾ ਜਗਤਾਰ ਸਿੰਘ, ਜੋ ਪਿੰਡ ਦੇ ਸਰਪੰਚ ਵੀ ਹਨ, ਵਿਦੇਸ਼ ਜਾ ਰਹੇ ਸੀ। ਜਦੋਂ ਰਵੀ ਆਪਣੇ ਪਿਤਾ ਨੂੰ ਮਿਲਣ ਆਇਆ ਤਾਂ ਖੰਨਾ ਪੁਲਿਸ ਨੇ ਇੱਕ ਗੁਪਤ ਜਾਣਕਾਰੀ ਦੇ ਅਧਾਰ ”ਤੇ ਇਲਾਕੇ ‘ਚ ਘੇਰਾਬੰਦੀ ਕਰ ਕੇ ਉਸ ਨੂੰ ਕਾਬੂ ਕਰ ਲਿਆ।

ਸੂਤਰਾਂ ਦੇ ਅਨੁਸਾਰ, ਗ੍ਰਿਫ਼ਤਾਰੀ ਦੌਰਾਨ ਰਵੀ (Punjab) ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ। ਉਸ ਕੋਲੋਂ 30 ਬੋਰ ਦਾ ਇੱਕ ਲੋਡਿਡ ਪਿਸਤੌਲ ਵੀ ਬਰਾਮਦ ਹੋਇਆ ਹੈ। ਗ੍ਰਿਫਤਾਰੀ ਤੋਂ ਬਾਅਦ ਰਵੀ ਰਾਜਗੜ੍ਹ ਨੂੰ ਪਾਇਲ ਵਿਖੇ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿੱਥੇ ਪੁਲਿਸ ਨੇ ਉਸ ਦਾ 7 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਸਿਰਫ ਉਸ ਦਾ 4 ਦਿਨ ਦਾ ਰਿਮਾਂਡ ਮਨਜ਼ੂਰ ਕੀਤਾ।
ਦੱਸ ਦਈਏ ਕਿ ਰਵੀ ਰਾਜਗੜ੍ਹ ਵਿਰੁੱਧ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ, ਹਥਿਆਰਾਂ ਦੀ ਸਪਲਾਈ ਅਤੇ ਜਾਅਲੀ ਪਾਸਪੋਰਟ ਤਿਆਰ ਕਰਨ ਸਮੇਤ 15 ਤੋਂ ਵੱਧ ਕੇਸ ਦਰਜ ਹਨ। ਉਹ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਵੀ ਨਾਮਜ਼ਦ ਹੈ ਅਤੇ ਇਸ ”ਤੇ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮੁਲਜ਼ਮਾਂ ਨੂੰ ਹਥਿਆਰ ਸਪਲਾਈ ਕਰਨ ਦੇ ਗੰਭੀਰ ਦੋਸ਼ ਹਨ। ਐਨਆਈਏ ਵੱਲੋਂ ਵੀ ਉਸਦੇ ਘਰ ਵਿੱਚ ਦੋ ਵਾਰੀ ਛਾਪੇਮਾਰੀ ਕੀਤੀ ਗਈ ਸੀ ਪਰ ਉਸ ਸਮੇਂ ਉਹ ਗ੍ਰਿਫ਼ਤਾਰ ਨਹੀਂ ਹੋ ਸਕਿਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















