Sidhu Moosewala ਕਤਲ ਕੇਸ ‘ਚ ਹਥਿਆਰ ਸਪਲਾਇਰ ਅੰਸਾਰੀ ਫਰਾਰ

ਚੰਡੀਗੜ੍ਹ, 12 ਜੁਲਾਈ (ਵਿਸ਼ਵ ਵਾਰਤਾ): ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਦਾ ਪਰਿਵਾਰ ਤੇ ਉਸ ਦੇ ਚਾਹੁਣ ਵਾਲੇ ਹਾਲੇ ਵੀ ਇਨਸਾਫ ਦੀ ਉਡੀਕ ‘ਚ ਹਨ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਹਥਿਆਰ ਸਪਲਾਈ ਕਰਨ ਦੇ ਦੋਸ਼ੀ ਸ਼ਾਹਬਾਜ਼ ਅੰਸਾਰੀ ਇੱਕ ਵਾਰ ਫਿਰ ਫਰਾਰ ਹੋ ਗਿਆ ਹੈ। ਦਸੰਬਰ 2022 ਵਿੱਚ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਗ੍ਰਿਫ਼ਤਾਰ ਕੀਤੇ ਗਏ ਅੰਸਾਰੀ ‘ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਹਥਿਆਰ ਅਤੇ ਗੋਲਾ ਬਾਰੂਦ ਸਪਲਾਈ ਕਰਨ ਦਾ ਦੋਸ਼ ਹੈ।
ਸ਼ਾਹਬਾਜ਼ ਅੰਸਾਰੀ ਨੂੰ 18 ਜੂਨ ਨੂੰ ਵੇਕੇਸ਼ਨ ਜੱਜ ਨੇ ਉਸ ਦੀ ਪਤਨੀ ਦੀ ਸਪਾਇਨ ਡਿਕੰਪ੍ਰੈਸ਼ਨ ਸਰਜਰੀ ਦੇ ਲਈ ਇਕ ਮਹੀਨੇ ਦੀ ਅੰਤਰਿਮ ਜ਼ਮਾਨਤ ਦਿੱਤੀ ਸੀ। ਪਰ ਹੁਣ ਰਾਸ਼ਟਰੀ ਜਾਂਚ ਏਜੰਸੀ ਦਾ ਕਹਿਣਾ ਹੈ ਕਿ ਅੰਸਾਰੀ ਦਾ ਮੋਬਾਇਲ ਫੋਨ ਬੰਦ ਆ ਰਿਹਾ ਹੈ ਅਤੇ ਉਸ ਦੀ ਲੋਕੇਸ਼ਨ ਟਰੇਸ ਨਹੀਂ ਹੋ ਰਹੀ।
ਐਨਆਈਏ ਨੇ ਅਦਾਲਤ ਨੂੰ ਦੱਸਿਆ ਕਿ ਉਹ ਹੁਣ ਗਾਜ਼ੀਆਬਾਦ ਦੇ ਉਸ ਪਤੇ ‘ਤੇ ਨਹੀਂ ਰਹਿ ਰਿਹਾ ਜੋ ਉਸਨੇ ਅਦਾਲਤ ਨੂੰ ਦਿੱਤਾ ਸੀ। ਐਨਆਈਏ ਦੀ ਰਿਪੋਰਟ ਦੇ ਅਨੁਸਾਰ, ਉਸਦੀ ਗ੍ਰਿਫਤਾਰੀ ਦੇ ਸਮੇਂ ਉਸ ਤੋਂ ਕਈ ਹਥਿਆਰ ਬਰਾਮਦ ਕੀਤੇ ਗਏ ਸਨ। ਉਹ ਅਕਸਰ ਲਾਰੈਂਸ ਬਿਸ਼ਨੋਈ ਗੈਂਗ ਲਈ ਹਥਿਆਰਾਂ ਦਾ ਸੌਦਾ ਕਰਦਾ ਸੀ ਅਤੇ ਹਵਾਲਾ ਰਾਹੀਂ ਲੱਖਾਂ ਰੁਪਏ ਕਮਾਉਂਦਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਐਨਆਈਏ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਅਤੇ 8 ਜੁਲਾਈ ਨੂੰ ਉਸਦੀ ਜ਼ਮਾਨਤ ਰੱਦ ਕਰਵਾ ਦਿੱਤੀ, ਪਰ ਨੋਟਿਸ ਮਿਲਣ ਦੇ ਬਾਵਜੂਦ ਅੰਸਾਰੀ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਉਸਦੇ ਵਕੀਲ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਉਸਨੂੰ ਆਪਣੇ ਮੁਵੱਕਿਲ ਦਾ ਪਤਾ ਨਹੀਂ ਹੈ।ਇਸ ਵੇਲੇ, ਪੁਲਿਸ ਅਤੇ ਐਨਆਈਏ ਉਸਨੂੰ ਗ੍ਰਿਫ਼ਤਾਰ ਕਰਨ ਲਈ ਸੰਭਾਵਿਤ ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਹੇ ਹਨ ਅਤੇ ਉਸਦੇ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























