Punjab : ਬਰਖ਼ਾਸਤ ਕਾਂਸਟੇਬਲ ਅਮਨਦੀਪ ਕੌਰ ਦੀਆਂ ਵਧੀਆਂ ਮੁਸ਼ਕਿਲਾਂ
– ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ, 26 ਮਈ (ਵਿਸ਼ਵ ਵਾਰਤਾ): ਆਲੀਸ਼ਾਨ ਜੀਵਨ ਸ਼ੈਲੀ, ਰੋਲੈਕਸ ਘੜੀਆਂ, ਥਾਰ -ਐਸਯੂਵੀ ਅਤੇ ਮਹਿੰਗੇ ਘਰ ਲਈ ਲਗਾਤਾਰ ਸੁਰਖੀਆਂ ‘ਚ ਰਹੀ ਬਰਖ਼ਾਸਤ ਕਾਂਸਟੇਬਲ ਅਮਨਦੀਪ ਕੌਰ ਦੀਆਂ ਮੁਸ਼ਕਿਲਾਂ ਇਕ ਵਾਰ ਫਿਰ ਵਧਦੀਆਂ ਨਜ਼ਰ ਆ ਰਹੀਆਂ ਹਨ। ਅਮਨਦੀਪ ਕੌਰ ਨੂੰ ਹੁਣ ਪੰਜਾਬ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਸਾਰੀ ਕਾਰਵਾਈ ਬਠਿੰਡਾ ਜ਼ੋਨ ਵੱਲੋਂ ਕੀਤੀ ਗਈ ਹੈ। ਵਿਜੀਲੈਂਸ ਟੀਮ ਨੇ ਅੱਜ ਅਮਨਦੀਪ ਕੌਰ ਤੋਂ ਪੁੱਛਗਿੱਛ ਕੀਤੀ ਜਿਸ ਤੋਂ ਬਾਅਦ ਉਸ ਨੂੰ ਮੁੜ ਗ੍ਰਿਫਤਾਰ ਕਰ ਲਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਉਸਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਅਤੇ ਸੰਭਾਵਿਤ ਭ੍ਰਿਸ਼ਟਾਚਾਰ ਦੇ ਦੋਸ਼ ਦਾਇਰ ਕੀਤੇ ਗਏ ਹਨ। ਵਿਜੀਲੈਂਸ ਰਿਕਾਰਡ ਅਨੁਸਾਰ, ਕੁਝ ਸਾਲਾਂ ਵਿੱਚ ਉਸਦੀ ਆਮਦਨ 1.08 ਕਰੋੜ ਰੁਪਏ ਹੋਣ ਦਾ ਅਨੁਮਾਨ ਸੀ। ਪਰ ਜਾਂਚ ਦੌਰਾਨ ਉਸਦੇ ਆਮਦਨ ਤੋਂ ਵੱਧ ਖਰਚੇ ਪਾਏ ਗਏ।
ਬਰਖ਼ਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਪਹਿਲਾ 17 ਗ੍ਰਾਮ ਚਿੱਟੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਨੌਕਰੀ ਤੋਂ ਵੀ ਬਰਖਾਸਤ ਕਰ ਦਿੱਤਾ ਗਿਆ ਸੀ। ਉਹ ਜ਼ਮਾਨਤ ਉਤੇ ਬਾਹਰ ਆਈ ਹੋਈ ਸੀ, ਪਰ ਹੁਣ ਉਸ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ।























