Sidhu Moosewala ਕਤਲ ਮਾਮਲੇ ਦਾ ਇਕ ਗਵਾਹ ਦੁਨੀਆਂ ਤੋਂ ਰੁਖ਼ਸਤ ਹੋਇਆ, ਸੇਵਾ ਮੁਕਤ SHO ਅੰਗਰੇਜ ਸਿੰਘ ਦਾ ਦੇਹਾਂਤ

ਮਾਨਸਾ 24 ਮਈ (ਜੋਗਿੰਦਰ ਸਿੰਘ ਮਾਨ):- ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਗਵਾਹ ਅਤੇ ਉਸ ਵੇਲੇ ਦੇ ਥਾਣਾ ਸਿਟੀ ਮਾਨਸਾ-1 ਦੇ ਮੁਖੀ ਅੰਗਰੇਜ ਸਿੰਘ ਦਾ ਲੰਘੀ 23 ਮਈ ਦੀ ਰਾਤ ਨੂੰ ਘਰ ਵਿਖੇ ਦੇਹਾਂਤ ਹੋ ਗਿਆ ਹੈ। ਉਹ ਕਰੀਬ ਦੋ ਵਰ੍ਹੇ ਪਹਿਲਾਂ ਆਪਣੀ ਨੌਕਰੀ ਤੋਂ ਸੇਵਾਮੁਕਤ ਹੋ ਚੁੱਕੇ ਸਨ ਤੇ ਅੱਜਕਲ੍ਹ ਕਿਸੇ ਗੰਭੀਰ ਬੀਮਾਰੀ ਤੋਂ ਪੀੜਤ ਸਨ।ਜਦੋਂ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ,ਉਸ ਵੇਲੇ ਅੰਗਰੇਜ ਸਿੰਘ ਬਤੌਰ SHO ਥਾਣਾ ਸਿਟੀ-ਮਾਨਸਾ 1 ਵਿਖੇ ਤਾਇਨਾਤ ਸਨ। ਸੇਵਾਮੁਕਤ ਹੋਣ ਉਪਰੰਤ ਅੰਗਰੇਜ ਸਿੰਘ ਬੀਮਾਰ ਚੱਲਦੇ ਆ ਰਹੇ ਸਨ। ਉਹ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਚ ਮੁੱਖ ਗਵਾਹਾਂ ਚੋ ਇਕ ਸਨ। ਲੰਘੀ 23 ਮਈ ਨੂੰ ਉਨਾਂ ਦੀ ਕਤਲ ਮਾਮਲੇ ‘ਚ ਮਾਨਸਾ ਅਦਾਲਤ ਵਿਚ ਪੇਸ਼ੀ ਸੀ ਤੇ ਮਾਨਯੋਗ ਅਦਾਲਤ ਨੇ ਉਨਾਂ ਨੂੰ ਅਗਲੀ ਪੇਸ਼ੀ ਲਈ 4 ਜੁਲਾਈ ਨੂੰ ਮੁੜ ਬੁਲਾਇਆ ਸੀ, ਪਰ 23 ਮਈ ਦੀ ਰਾਤ ਨੂੰ ਹੀ ਅੰਗਰੇਜ ਸਿੰਘ ਦਾ ਦੇਹਾਂਤ ਹੋ ਗਿਆ। ਉਹ ਮਾਨਸਾ ਸ਼ਹਿਰ ਦੀ ਪ੍ਰੋਫੈਸਰ ਕਾਲੌਨੀ ਵਿਖੇ ਰਹਿੰਦੇ ਹਨ।

























