– ਭਾਰਤ-ਹਾਲੈਂਡ, ਜਰਮਨੀ-ਬੈਲਜੀਅਮ ਭਿੜਣਗੇ
(ਵਿਸ਼ਵ ਵਾਰਤਾ ਦੀ ਵਿਸ਼ੇਸ਼ ਰਿਪੋਰਟ)
ਭੂਬਨੇਸ਼ਵਰ ਵਿਚ ਕੱਲ੍ਹ ਤੋਂ ਸ਼ੁਰੂ ਹੋਏ ਕੁਆਰਟਰ ਫਾਈਨਲ ਮੁਕਾਬਲਿਆਂ ਤੋਂ ਬਾਅਦ ਅੱਜ ਦੋ ਕੁਆਰਟਰ ਫਾਈਨਲ ਮੁਕਾਬਲੇ ਖੇਡੇ ਜਾਣੇ ਹਨ, ਜਿਸ ਵਿਚ ਭਾਰਤ ਦਾ 43 ਸਾਲਾਂ ਬਾਅਦ ਸੈਮੀ ਫਾਈਨਲ ਵਿਚ ਪੁੱਜਣ ਦਾ ਫੈਸਲਾ ਵੀ ਹੋਣਾ ਹੈ। ਭਾਰਤ ਦਾ ਹਾਲੈਂਡ ਨਾਲ ਮੈਚ ਖੇਡਿਆ ਜਾਣਾ ਹੈ। ਭਾਰਤ ਨੇ 1975 ਵਿਚ ਸੈਮੀ ਫਾਈਨਲ ਵਿਚ ਪ੍ਰਵੇਸ਼ ਕਰਕੇ ਵਿਸ਼ਵ ਕੱਪ ਪਹਿਲੀ ਵਾਰ ਜਿੱਤਿਆ ਸੀ, ਉਸ ਤੋਂ ਬਾਅਦ ਕਦੇ ਭਾਰਤੀ ਟੀਮ ਦਾ ਸੁਪਨਾ ਸੈਮੀ ਫਾਈਨਲ ਵਿਚ ਪੁੱਜਣ ਦਾ ਸਾਕਾਰ ਨਹੀਂ ਹੋ ਸਕਿਆ ਹੈ।
ਦਿਲਚਸਪ ਗੱਲ ਇਹ ਵੀ ਹੈ ਕਿ ਵਿਸ਼ਵ ਕੱਪ ਹਾਕੀ ਮੁਕਾਬਲਿਆਂ ਵਿਚ, ਜਦੋਂ ਵੀ ਨੀਦਰਲੈਂਡ ਦਾ ਭਾਰਤ ਨਾਲ ਮੁਕਾਬਲਾ ਹੋਇਆ ਹੈ ਤਾਂ ਭਾਰਤ ਉਸ ਨੂੰ ਅੱਜ ਤੱਕ ਹਰਾਉਣ ਵਿਚ ਕਦੇ ਸਫਲ ਨਹੀਂ ਹੋਇਆ ਹੈ, ਪਰ ਅੱਜ ਦੇ ਮੈਚ ਵਿਚ ਭਾਰਤੀ ਮੁੰਡੇ ਜਿੱਤ ਲਈ ਮੁੱਠੀਆਂ ‘ਤੇ ਥੁੱਕੀ ਫਿਰਦੇ ਹਨ। ਭਾਰਤੀ ਟੀਮ ਇਸ ਵਿਸ਼ਵ ਕੱਪ ਵਿਚ ਹੁਣ ਤੱਕ ਦੋ ਮੈਚ ਜਿੱਤ ਚੁੱਕੀ ਹੈ ਅਤੇ ਇਕ ਮੈਚ ਬਰਾਬਰ ਰੱਖਕੇ ਸਿੱਧੀ ਕੁਆਰਟਰ ਫਾਈਨਲ ਵਿਚ ਪੁੱਜੀ ਹੈ, ਜਦੋਂ ਕਿ ਨੀਦਰਲੈਂਡ ਦੀ ਟੀਮ ਕਰਾਸ ਮੁਕਾਬਲਿਆਂ ਦੌਰਾਨ ਕੁਆਰਟਰ ਫਾਈਨਲ ਵਿਚ ਅੱਪੜੀ ਹੈ। ਭਾਰਤੀ ਟੀਮ ਹੁਣ ਤੱਕ 12 ਗੋਲ ਕਰ ਚੁੱਕੀ ਹੈ।
ਭਾਰਤ ਅਤੇ ਨੀਦਰਲੈਂਡ ਵਿਚਕਾਰ ਵਿਸ਼ਵ ਕੱਪ ਵਿਚ ਅੱਜ ਸੱਤਵੀਂ ਵਾਰ ਭਿੜ ਰਹੇ ਹਨ, ਪਹਿਲੀ ਦਫਾ 1973 ਵਿਚ ਫਾਈਨਲ ‘ਚ ਨੀਦਰਲੈਂਡ ਪੈਨੰਲਟੀ ਸਟਰੌਕ ਰਾਹੀਂ ਭਾਰਤ ਨੂੰ 4-2 ਨਾਲ ਹਰਾਕੇ ਵਿਸ਼ਵ ਚੈਂਪੀਅਨ ਬਣਿਆ ਸੀ, 1982 ਵਿਚ ਨੀਦਰਲੈਂਡ ਨੇ ਭਾਰਤ ਨੂੰ 4-3 ਨਾਲ, 1990 ਵਿਚ 5-3 ਨਾਲ, 1994 ਵਿਚ 4-2 ਨਾਲ, 1998 ਵਿਚ 5-0 ਨਾਲ ਅਤੇ 2006 ਵਿਚ 6-1 ਨਾਲ ਹਰਾਇਆ ਸੀ। ਅਜਿਹੇ ਇਤਿਹਾਸ ਦੇ ਬਾਵਜੂਦ ਭਾਰਤੀ ਟੀਮ ਐਤਕੀਂ ਹੋਸਲੇ ਵਿਚ ਜਾਪਦੀ ਹੈ।
ਉਧਰ ਦੂਸਰਾ ਮੁਕਾਬਲਾ ਜਰਮਨੀ ਅਤੇ ਬੈਲਜੀਅਮ ਵਿਚਕਾਰ ਖੇਡਿਆ ਜਾਣਾ ਹੈ, ਜਰਮਨੀ ਦੀ ਟੀਮ 1973 ਤੋਂ 2010 ਤੱਕ ਸਭ ਤੋਂ ਵੱਧ 11 ਵਾਰ ਸੈਮੀ ਫਾਈਨਲ ਵਿਚ ਪਹੁੰਚਣ ਵਾਲੀ ਟੀਮ ਹੈ, ਹਾਲਾਂਕਿ ਉਸ ਦੇ ਇਸ ਬਹੁ-ਮੁੱਲੇ ਰਿਕਾਰਡ ਦੀ ਬਰਾਬਰੀ ਆਸਟ੍ਰੇਲੀਆਂ ਦੀ ਟੀਮ ਵੱਲੋਂ ਕੱਲ੍ਹ ਫਰਾਂਸ ਨੂੰ ਹਰਾਕੇ ਪ੍ਰਾਪਤ ਕਰ ਲਈ ਹੈ, ਉਸ ਨੇ 1978 ਤੋਂ 2018 ਤੱਕ ਲਗਾਤਾਰ 11ਵੀਂ ਵਾਰ ਸੈਮੀ ਫਾਈਨਲ ਵਿਚ ਪ੍ਰਵੇਸ਼ ਕੀਤਾ ਹੈ।