SAD NEWS: ਪ੍ਰਨੀਤ ਕੌਰ ਵੱਲੋਂ ਸੜਕ ਹਾਦਸੇ ਵਿੱਚ ਮ੍ਰਿਤਕ ਬੱਚਿਆ ਦੇ ਪਰਿਵਾਰ ਨਾਲ ਕੀਤਾ ਗਿਆ ਦੁੱਖ ਸਾਂਝਾ
“ਕਿਸੇ ਲਈ ਆਪਣੇ ਬੱਚੇ ਨੂੰ ਖੋਹਣਾ ਪਰਿਵਾਰ ਲਈ ਸਭ ਤੋਂ ਵੱਡਾ ਦਰਦ ਹੈ”- ਪ੍ਰਨੀਤ ਕੌਰ

ਪਟਿਆਲਾ, 12 ਮਈ (ਵਿਸ਼ਵ ਵਾਰਤਾ):- ਸਮਾਣਾ-ਪਟਿਆਲਾ ਸੜਕ ’ਤੇ ਬੁੱਧਵਾਰ ਨੂੰ ਸੜਕ ਹਾਦਸੇ ’ਚ 6 ਮਾਸੂਮ ਬੱਚਿਆਂ ਸਣੇ 1 ਵੈਨ ਡਰਾਈਵਰ ਦੀ ਮੌਤ ਹੋ ਗਈ ਸੀ।ਅੱਜ ਸਾਬਕਾ ਮੰਤਰੀ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਵੱਲੋਂ ਸਮਾਣਾ ਵਿਖੇ ਪੁੱਜ ਕੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਹਾਦਸੇ ਵਿੱਚ ਜ਼ਖਮੀ ਬੱਚਿਆ ਦਾ ਹਾਲ ਜਾਣਿਆ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਨੀਤ ਕੌਰ ਨੇ ਕਿਹਾ ਕਿ “ਇਹ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ, ਕਿਸੇ ਲਈ ਆਪਣੇ ਬੱਚੇ ਨੂੰ ਖੋਹਣਾ ਸਭ ਤੋਂ ਵੱਡਾ ਦਰਦ ਹੈ, ਹਾਦਸੇ ਵਿੱਚ ਇੱਕੋ ਘਰ ਦੇ 2 ਬੱਚਿਆ ਦੀ ਮੌਤ ਹੋ ਗਈ ਅਤੇ ਇੱਕ ਘਰ ਵਿਖੇ ਉਹਨਾਂ ਦੀ ਇਕਲੌਤੀ ਪੁੱਤਰੀ ਦਾ ਦੇਹਾਂਤ ਹੋ ਗਿਆ, ਇਹ ਪਰਿਵਾਰ ਲਈ ਬਹੁਤ ਵੱਡਾ ਦਰਦ ਹੈ”
ਸਮਾਣਾ ‘ਚ ਚੱਲ ਰਹੇ ਨਜਾਇਜ਼ ਟਿੱਪਰਾਂ ‘ਤੇ ਟਿੱਪਣੀ ਕਰਦੇ ਪ੍ਰਨੀਤ ਕੌਰ ਬੋਲੇ ਕਿ “ਸਮਾਣਾ ‘ਚ ਦਿਨ ਰਾਤ ਬੇਖੌਫ ਓਵਰਲੋਡ ਟਿੱਪਰ ਸੜਕਾਂ ਉੱਪਰ ਦੌੜ ਰਹੇ ਹਨ, ਇਹ ਗੁੰਮ ਰਹੇ ਨਜਾਇਜ਼ ਟਿੱਪਰ ਕਿੰਨੇ ਹੀ ਲੋਕਾਂ ਦੀ ਜਾਨ ਲੈ ਚੁੱਕੇ ਹਨ, ਪਰ ਅਫਸੋਸ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਘੋੜੇ ਵੇਚ ਕੇ ਸੁੱਤੇ ਹਨ, ਇਨ੍ਹਾਂ ਨਾਜਾਇਜ਼ ਟਿੱਪਰਾਂ ਖ਼ਿਲਾਫ਼ ਪੁਲਿਸ ਵੀ ਕੋਈ ਕਾਰਵਾਈ ਕਰਨ ਤੋਂ ਪਾਸਾ ਵੱਟ ਰਹੀ ਹੈ”
“ਸਰਕਾਰ ਜਲਦ ਇਨ੍ਹਾਂ ਉੱਪਰ ਬਣਦੀ ਕਾਰਵਾਈ ਕਰੇ ਤਾਂ ਜੋ ਨਿੱਤ ਸੜਕਾਂ ਉੱਪਰ ਹੋ ਰਹੇ ਹਾਦਸਿਆ ਤੋਂ ਬਚਿਆ ਜਾ ਸਕੇ,
ਅੰਤ ਵਿੱਚ ਪ੍ਰਨੀਤ ਕੌਰ ਨੇ ਕਿਹਾ ਕਿ ” ਅੱਜ ਦੁੱਖ ਦੀ ਘੜੀ ਵਿੱਚ ਮੈਂ ਅਤੇ ਮੇਰੀ ਸਮੁੱਚੀ ਭਾਜਪਾ ਪਾਰਟੀ ਪੀੜ੍ਹਤ ਪਰਿਵਾਰ ਨਾਲ ਖੜੀ ਹੈ, ਪਰਿਵਾਰਾਂ ਦੀਆਂ ਜੋ ਵੀ ਮੰਗਾਂ ਹੋਣਗੀਆਂ ਉਨਾਂ ਨੂੰ ਜਰੂਰ ਪੂਰਾ ਕੀਤਾ ਜਾਵੇਗਾ ਅਤੇ ਮੈਂ ਪਰਿਵਾਰ ਨਾਲ ਆਪਣਾ ਦੁੱਖ ਸਾਂਝਾ ਕਰਦੀ ਹਾਂ ਅਤੇ ਜਖਮੀ ਹੋਏ ਬੱਚਿਆ ਦੀ ਜਲਦ ਸਿਹਤਯਾਬੀ ਦੀ ਕਾਮਨਾ ਕਰਦੀ ਹਾਂ।”























