Pahalgam Terrorist Attack: ਜੈ ਇੰਦਰ ਕੌਰ ਨੇ ਪਹਿਲਗਾਮ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਕੀਤੀ ਨਿਖੇਦੀ
ਆਤੰਕੀ ਹਮਲੇ ਦੇ ਰੋਸ਼ ਵਿੱਚ ਪਟਿਆਲਾ ਵਿੱਚ ਭਾਜਪਾ ਵਰਕਰਾਂ ਨਾਲ ਕੀਤਾ ਰੋਸ ਪ੍ਰਦਰਸ਼ਨ

ਪਟਿਆਲਾ, 23 ਅਪ੍ਰੈਲ (ਵਿਸ਼ਵ ਵਾਰਤਾ):- ਬੀਤੇ ਦਿਨ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਇਸ ਹਮਲੇ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ, ਹਮਲੇ ਦੀ ਆਲੋਚਨਾ ਕਰਦੇ ਅੱਜ ਪਟਿਆਲਾ ਵਿਖੇ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਅਤੇ ਵਰਕਰਾਂ ਵੱਲੋਂ ਪਟਿਆਲਾ ਦੇ ਅਨਾਰਦਾਣਾ ਚੌਕ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਭਾਜਪਾ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕਰਦਿਆ ਆਤੰਕਵਾਦ ਵਿਰੋਧ ਤਿੱਖੀ ਨਾਅਰੇਬਾਜ਼ੀ ਕੀਤੀ ਗਈ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਜੈ ਇੰਦਰ ਕੌਰ ਬੋਲੇ ਕਿ “ਪਹਿਲਗਾਮ (ਜੰਮੂ-ਕਸ਼ਮੀਰ) ਵਿੱਚ ਸੈਲਾਨੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਘਿਨਾਉਣੇ ਅਤੇ ਕਾਇਰਤਾ ਵਾਲੇ ਅੱਤਵਾਦੀ ਹਮਲੇ ਦੀ ਮੈਂ ਸਖ਼ਤ ਨਿੰਦਾ ਕਰਦੀ ਹਾਂ,ਹਿੰਸਾ ਦਾ ਇਹ ਵਹਿਸ਼ੀ ਕਾਰਾ ਮਨੁੱਖਤਾ ਅਤੇ ਸ਼ਾਂਤੀ ‘ਤੇ ਹਮਲਾ ਹੈ।
“ਅੱਤਵਾਦੀਆਂ ਨੇ ਸੈਲਾਨੀਆਂ ਤੋਂ ਪਹਿਲਾਂ ਉਨ੍ਹਾਂ ਦੇ ਪਹਿਲਾ ਨਾਂ ਪੁੱਛੇ, ਜਿਹੜੇ ਹਿੰਦੂ ਸਨ ਉਨ੍ਹਾਂ ਦਾ ਧਰਮ ਜਾਣਨ ਤੋਂ ਬਾਅਦ ਉਨ੍ਹਾਂ ‘ਤੇ ਅੱਤਵਾਦੀਆਂ ਵੱਲੋਂ 50 ਤੋਂ ਵੱਧ ਰਾਊਂਡ ਫਾਇਰਿੰਗ ਕੀਤੀ ਗਈ, ਜਿਸ ਵਿੱਚ 26 ਲੋਕਾਂ ਦੀ ਮੌਤ ਅਤੇ ਕਈ ਜਖਮੀ ਹੋਏ, ਮ੍ਰਿਤਕਾਂ ’ਚ 2 ਵਿਦੇਸ਼ੀ ਵੀ ਸਨ।ਇਕ ਔਰਤ ਨੇ ਕਿਹਾ, ‘‘ਮੇਰੇ ਪਤੀ ਨੂੰ ਸਿਰ ’ਚ ਮੁਸਲਮਾਨ ਨਾ ਹੋਣ ਕਾਰਨ ਗੋਲੀ ਮਾਰੀ ਗਈ..।’’
ਅੱਗੇ ਗੱਲਬਾਤ ਕਰਦਿਆਂ ਜੈ ਇੰਦਰ ਕੌਰ ਬੋਲੇ ਕਿ “ਆਤੰਕਵਾਦ ਲੋਕਤੰਤਰ ਅਤੇ ਮਨੁੱਖਤਾ ਅਧਿਕਾਰਾਂ ਦੇ ਵਿਰੁੱਧ ਸਭ ਤੋਂ ਵੱਡਾ ਅਪਰਾਧ ਮੰਨਿਆ ਗਿਆ ਹੈ, ਆਧੁਨਿਕ ਯੁੱਗ ਵਿੱਚ ਇਹ ਬਹੁਤ ਗੰਭੀਰ ਚਣੌਤੀ ਹੈ, ਪਹਿਲਗਾਮ ਆਤੰਕਵਾਦ ਹਮਲੇ ਮਗਰੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ੍ਰੀਨਗਰ ‘ਚ ਉੱਚ ਪੱਧਰੀ ਮੀਟਿੰਗ ਬੁਲਾਈ ਹੈ ਅਤੇ ਐਨ.ਆਈ.ਏ ਦੀ ਟੀਮ ਵੀ ਹਮਲੇ ਵਾਲੇ ਸਥਾਨ ਤੇ ਪੁੱਜ ਰਹੀ ਹੈ।ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਹਮਲੇ ਦੇ ਮੱਦੇਨਜ਼ਰ ਸਾਊਦੀ ਅਰਬ ਦੀ ਆਪਣੀ ਸਰਕਾਰੀ ਫੇਰੀ ਨੂੰ ਵਿੱਚੇ ਹੀ ਖ਼ਤਮ ਕਰਕੇ ਵਾਪਸ ਦਿੱਲੀ ਪਰਤ ਆਏ ਹਨ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜ ਮੁਖੀ ਉਪੇਂਦਰ ਦਿਵੇਦੀ ਨਾਲ ਗੱਲ ਕੀਤੀ ਅਤੇ ਸਥਿਤੀ ਬਾਰੇ ਜਾਣਕਾਰੀ ਲਈ, ਇਲਾਕੇ ਦੀ ਹੈਲੀਕਾਪਟਰ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ। ਪੂਰੇ ਦੇਸ਼ ਅੰਦਰ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਅੰਤ ਵਿੱਚ ਜੈ ਇੰਦਰ ਕੌਰ ਬੋਲੇ ਕਿ “ਅਜਿਹੇ ਮਾੜੇ ਅਨਸਰਾਂ ਨੂੰ ਸਜ਼ਾ ਦਿੱਤੇ ਬਿਨਾਂ ਨਹੀਂ ਛੱਡਣਾ ਚਾਹੀਦਾ, ਅਸੀਂ ਸਾਰੇ ਅੱਤਵਾਦ ਵਿਰੁੱਧ ਇੱਕਜੁੱਟ ਹਾਂ ਅਤੇ ਦੋਸ਼ੀਆਂ ਵਿਰੁੱਧ ਜਲਦੀ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ, ਮੈਂ ਪੀੜਤਾਂ ਤੇ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੀ ਹਾਂ ਅਤੇ ਭਾਜਪਾ ਪਾਰਟੀ ਪੀੜਤ ਪਰਿਵਾਰਾਂ ਦੇ ਨਾਲ ਖੜੀ ਹੈ,ਮੇਰੀ ਦੇਸ਼ ਵਾਸੀਆਂ ਨੂੰ ਅਪੀਲ ਹੈ ਕੀ ਉਹ ਅਮਨ ਅਤੇ ਸ਼ਾਂਤੀ ਬਣਾਏ ਰੱਖਣ।
ਇਸ ਦੌਰਾਨ ਜੈ ਇੰਦਰ ਕੌਰ ਨਾਲ ਭਾਜਪਾ ਸੀਨੀਅਰ ਆਗੂ ਕੇ ਕੇ ਸ਼ਰਮਾ, ਜਨਰਲ ਸੱਕਤਰ ਹਰਦੇਵ ਬੱਲੀ,ਜਿਲ੍ਹਾ ਮਹਿਲਾ ਮੋਰਚਾ ਦੀ ਪ੍ਰਧਾਨ ਮਨੀਸ਼ਾ ਉੱਪਲ,ਭਾਜਪਾ ਜਿਲ੍ਹਾ ਯੂਥ ਪ੍ਰਧਾਨ ਨਿਖਿਲ ਕੁਮਾਰ ਕਾਕਾ, ਕੌਂਸਲਰ ਅਨੁਜ ਖੋਸਲਾ,ਸਾਬਕਾ ਕੌਂਸਲਰ ਸੰਦੀਪ ਮਲਹੋਤਰਾ,ਨਿਖਿਲ ਬਾਤਿਸ਼, ਵਰੁਣ ਜਿੰਦਲ, ਰਜਨੀ ਸ਼ਰਮਾ, ਮੰਡਲ ਪ੍ਰਧਾਨ ਗੁਰਭਜਨ ਲਚਕਾਣੀ,ਨਰੇਂਦਰ ਸਹਿਗਲ ਆਦਿ ਮੌਜੂਦ ਰਹੇ।























