ਚੰਡੀਗੜ, 14 ਸਤੰਬਰ : ਆਮ ਆਦਮੀ ਪਾਰਟੀ ਦੇ ਵਿਧਿਆ ਐਚਐਸ ਫੂਲਕਾ ਨੇ ਅੱਜ ਚੰਡੀਗੜ ਵਿਚ ਇਕ ਪ੍ਰੈਸ ਕਲੱਬ ਵਿਚ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਯੋਗਤਾ ਉਤੇ ਕਈ ਸਵਾਲ ਖੜੇ ਕੀਤੇ। ਉਹਨਾਂ ਕਿਹਾ ਕਿ ਅਤੁਲ ਨੰਦਾ ਸਰਕਾਰ ਦਾ ਪੱਖ ਰੱਖ ਦੇ ਯੋਗ ਨਹੀਂ ਹੈ।
ਉਹਨਾਂ ਕਿਹਾ ਕਿ 20 ਸਤੰਬਰ ਨੂੰ ਹੋਣ ਵਾਲੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਸੁਪਰੀਮ ਕੋਰਟ ਤੋਂ ਕਿਸੇ ਹੋਰ ਵਕੀਲ ਨੂੰ ਹਾਇਰ ਕਰੇ, ਤਾਂ ਕਿ ਕੇਸ ਨੂੰ ਅੱਗੇ ਵਧਾਇਆ ਜਾ ਸਕੇ। ਫੂਲਕਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਅਧਿਕਾਰੀਆਂ ਦੀ ਮਨਸ਼ਾ ਬਹਿਬਲ ਕਲਾਂ ਵਿਚ ਦੋਸ਼ੀ ਸੁਮੇਧ ਸੈਣੀ ਨੂੰ ਬਚਾਉਣ ਦੀ ਹੈ ਅਤੇ ਇਸ ਲਈ ਨਿਰਪੱਖ ਤੌਰ ਤੇ ਕਾਰਵਾਈ ਨਹੀਂ ਕੀਤੀ ਜਾ ਰਹੀ।
ਉਹਨਾਂ ਕਿਹਾ ਕਿ ਸਰਕਾਰ ਬਾਦਲ ਪਰਿਵਾਰ ਅਤੇ ਸੁਮੇਧ ਸੈਣੀ ਨੂੰ ਬਚਾਉਣ ਦੀ ਮਿਲੀਭੁਗਤ ਕਰ ਰਹੀ ਹੈ। ਇਸ ਦੇ ਨਾਲ ਹੀ ਆਪਣੇ ਅਸਤੀਫੇ ਉਤੇ ਗੱਲ ਕਰਦਿਆਂ ਸ. ਫੂਲਕਾ ਨੇ ਕਿਹਾ ਕਿ 20 ਸਤੰਬਰ ਨੂੰ ਬਹਿਬਲ ਕਲਾਂ ਕਾਂਡ ਵਿਚ ਹੋਣ ਵਾਲੀ ਸੁਣਵਾਈ ਤੋਂ ਬਾਅਦ ਹੀ ਅਗਲੀ ਰਣਨੀਤੀ ਤੇ ਗੱਲ ਕਰਨਗੇ।
16 ਸਤੰਬਰ ਨੂੰ ਫਰੀਦਕੋਟ ਵਿਚ ਹੋਣ ਵਾਲੀ ਅਕਾਲੀ ਦਲ ਦੀ ਪੋਲ ਖੋਲ ਰੈਲੀ ਨੂੰ ਇਜਾਜਤ ਨਾ ਮਿਲਣ ਉਤੇ ਉਹਨਾਂ ਕਿਹਾ ਕਿ ਸਰਕਾਰ ਨੇ ਇਹ ਸਹੀ ਫੈਸਲਾ ਕੀਤਾ ਹੈ। ਜਿਥੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਧਰਨੇ ਲਗਾਏ ਜਾ ਰਹੇ ਹਨ, ਉਥੇ ਰੈਲੀ ਕਰਨਾ ਉਚਿਤ ਕਦਮ ਨਹੀਂ ਹੋ ਸਕਦਾ। ਇਸ ਲਈ ਪੰਜਾਬ ਸਰਕਾਰ ਨੇ ਰੈਲੀ ਨੂੰ ਇਜਾਜਤ ਨਾ ਦੇ ਕੇ ਸਹੀ ਫੈਸਲਾ ਕੀਤਾ ਹੈ।