– ਧੜਿਆਂ ਚ ਵੰਡੀ ਪਾਰਟੀ ਵਿਚ ਏਕਤਾ ਕਰਵਾਉਣ ਦਾ ਉਪਰਾਲਾ ਹੋਇਆ ਫੇਲ੍ਹ
ਮਾਨਸਾ, 4 ਸਤੰਬਰ (ਵਿਸ਼ਵ ਵਾਰਤਾ)- ਪੰਜਾਬ ਵਿਚ ਅੱਜ ਜਿਥੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਨਾਮਜਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਆਰੰਭ ਹੋ ਗਈ, ਉਥੇ ਧੜਿਆਂ *ਚ ਵੰਡੀ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਆਗੂਆਂ ਨੂੰ ਏਕਤਾ ਦਾ ਪਾਠ ਪੜ੍ਹਾਉਣ ਲਈ ਸੀਨੀਅਰ ਕਾਂਗਰਸੀ ਆਗੂ ਅਵਤਾਰ ਹੈਨਰੀ ਸਾਰਾ ਦਿਨ ਮੀਟਿੰਗ ਵਿਚ ਰੁੱਝੇ ਰਹੇ ਅਤੇ ਸ਼ਾਮ ਤੱਕ ਆਪਸੀ ਗੁੱਸੇ—ਗਿੱਲੇ ਦੂਰ ਨਹੀਂ ਹੋ ਸਕੇ। ਕਾਂਗਰਸੀਆਂ ਵਿਚ ਮਨਾਂ ਵਿਚ ਪਾਟੋ—ਧਾੜ ਦੀ ਇਹ ਮੈਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੀ ਚਲੀ ਆ ਰਹੀ ਹੈ, ਜਿਸ ਨੂੰ ਚਿੱਟੀ ਚਾਦਰ ਵਾਂਗ ਸਾਫ ਕਰਨ ਲਈ ਹੁੰਦੇ ਉਪਰਾਲਿਆਂ ਦਾ ਕਦੇ ਮੁੱਲ ਨਹੀਂ ਪਿਆ ਹੈ। ਅਵਤਾਰ ਹੈਨਰੀ ਦੀਆਂ ਮੀਟਿੰਗਾਂ ਵੀ ਇਸ ਏਕਤਾ ਦਾ ਰੰਗ ਗੂੜਾ ਨਾ ਕਰ ਸਕੀਆਂ।
ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਅਵਤਾਰ ਹੈਨਰੀ ਨੂੰ ਮਾਨਸਾ ਜ਼ਿਲ੍ਹੇ ਦਾ ਇੰਚਾਰਜ ਲਾਇਆ ਗਿਆ ਹੈ, ਜਦੋਂ ਕਿ ਉਨ੍ਹਾਂ ਤੋਂ ਪਹਿਲਾਂ ਬੀਤੀ ਕੱਲ੍ਹ ਹਲਕਿਆਂ ਦੇ ਇੰਚਾਰਜਾਂ ਵੱਲੋਂ ਸੱਤਾਧਾਰੀ ਧਿਰ ਦੇ ਆਗੂਆਂ ਨੂੰ ਆਪਸ ਵਿਚ ਰਲ—ਮਿਲਕੇ ਚੋਣਾਂ ਜਿੱਤਣ ਦੇ ਭਾਵੇਂ ਉਪਦੇਸ਼ ਦਿੱਤੇ ਗਏ ਸਨ, ਪਰ ਉਨ੍ਹਾਂ ਉਪਦੇਸ਼ਾਂ ਦਾ ਵੀ ਇਸ ਜ਼ਿਲ੍ਹੇ ਵਿਚ ਕੁਝ ਨਹੀਂ ਵੱਟਿਆ ਗਿਆ। ਅੱਜ ਆਏ ਅਵਤਾਰ ਹੈਨਰੀ ਵੱਲੋਂ ਸੀਨੀਅਰ ਕਾਂਗਰਸੀ ਨੇਤਾਵਾਂ ਦੀ ਹਾਜਰੀ ਵਿਚ ਸਾਰਿਆਂ ਨੂੰ ਦਿਲਾਂ ਦੀ ਮੈਲ ਦੂਰ ਕਰਨ ਦਾ ਭਾਵੇਂ ਵਾਸਤਾ ਪਾਇਆ, ਪਰ ਪਾਰਟੀ ਆਗੂ ਇਕ ਮੁੱਠੀ ਵਿਚ ਨਹੀਂ ਪਰੋਏ ਜਾ ਸਕੇ।
ਰੈਸਟ ਹਾਊਸ ਵਿਖੇ ਕੀਤੀ ਗਈ ਮੀਟਿੰਗ ਵਿਚ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਸਮੇਤ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਿਕਰਮ ਮੋਫਰ, ਡਾ. ਮਨੋਜ਼ ਬਾਲਾ, ਗੁਰਪ੍ਰੀਤ ਕੌਰ ਗਾਗੋਵਾਲ ਅਤੇ ਹੋਰ ਨੇਤਾ ਮੌਜੂਦ ਸਨ, ਜਿੰਨ੍ਹਾਂ ਨੇ ਆਪੋ—ਆਪਣੇ ਪਾਰਟੀ ਵਰਕਰਾਂ ਲਈ ਟਿਕਟਾਂ ਦੀ ਮੰਗ ਕੀਤੀ ਗਈ। ਗੁਰਪ੍ਰੀਤ ਕੌਰ ਗਾਗੋਵਾਲ ਨੇ ਆਪਣੇ ਪੁੱਤਰ ਮਾਈਕਲ ਗਾਗੋਵਾਲ ਲਈ ਭੈਣੀਬਾਘਾ ਜੋਨ ਤੋਂ ਟਿਕਟ ਦੀ ਮੰਗ ਕੀਤੀ ਗਈ, ਜਦੋਂ ਕਿ ਕੁਝ ਹੋਰ ਲੋਕਾਂ ਨੇ ਬਿਨਾਂ ਕਿਸੇ ਦਾ ਨਾਮ ਲਿਆ ਮੰਚ ਤੋਂ ਮੰਗ ਕੀਤੀ ਕਿ ਵਿਧਾਨ ਸਭਾ ਚੋਣਾਂ ਵਿਚ ਝਾੜੂ ਵਾਲਿਆਂ ਦਾ ਸਾਥ ਦੇਣ ਵਾਲੇ ਆਗੂਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਟਿਕਟ ਤੋਂ ਕੋਰਾ ਜਵਾਬ ਦਿੱਤਾ ਜਾਵੇ। ਬੇਸ਼ੱਕ ਅਵਤਾਰ ਹੈਨਰੀ ਨੇ ਸਾਰਿਆਂ ਨੂੰ ਨਿਆਂ ਦੇਣ ਦਾ ਭਰੋਸਾ ਦਿੱਤਾ ਗਿਆ, ਪਰ ਸੀਨੀਅਰ ਨੇਤਾ ਉਨ੍ਹਾਂ ਨੂੰ ਆਪਣਾ ਪੱਖ ਦੱਸਣ ਲਈ ਵਾਰ—ਵਾਰ ਉਨ੍ਹਾਂ ਦੇ ਕੰਨਾਂ ਵਿਚ ਫੂਕ ਭਰ ਰਹੇ ਸਨ।
ਬਾਅਦ ਵਿਚ ਅਵਤਾਰ ਹੈਨਰੀ, ਗੁਰਪ੍ਰੀਤ ਕੌਰ ਗਾਗੋਵਾਲ ਦੇ ਘਰ ਇਕ ਮੀਟਿੰਗ ਕਰਨ ਲਈ ਗਏ ਅਤੇ ਉਨ੍ਹਾਂ ਵੱਲੋਂ ਮਰਹੂਮ ਸਾਬਕਾ ਮੰਤਰੀ ਸ਼ੇਰ ਸਿੰਘ ਗਾਗੋਵਾਲ ਦੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਗਿਆ ਅਤੇ ਸਾਬਕਾ ਮੰਤਰੀ ਦੇ ਪੋਤੇ ਮਾਈਕਲ ਗਾਗੋਵਾਲ ਨਾਲ ਇਨਸਾਫ ਕਰਨ ਦਾ ਵਿਸ਼ਵਾਸ ਦਿਵਾਇਆ।
ਮਾਨਸਾ ਵਿਧਾਨ ਸਭਾ ਹਲਕੇ ਤੋਂ ਪਾਰਟੀ ਲਈ ਚੋਣ ਲੜਨ ਵਾਲੇ ਡਾ. ਮਨੋਜ਼ ਬਾਲਾ ਨੇ ਦਲੀਲ ਨਾਲ ਗੱਲ ਕਰਦਿਆਂ ਕਿਹਾ ਕਿ ਇਸ ਜ਼ਿਲ੍ਹੇ ਦੀਆਂ ਤਿੰਨੇ ਵਿਧਾਨ ਸਭਾ ਸੀਟਾਂ ਤੋਂ ਕਾਂਗਰਸ ਦਾ ਪੱਤਾ ਸਾਫ ਕਰਨ ਵਿਚ ਜਿਹੜੇ ਕਾਂਗਰਸੀ ਨੇਤਾਵਾਂ ਦਾ ਸਿੱਧੇ ਅਤੇ ਅਸਿੱਧੇ ਢੰਗ ਨਾਲ ਹੱਥ ਹੈ, ਉਨ੍ਹਾਂ ਨੂੰ ਪਾਰਟੀ ਦੇ ਰੂਲਾਂ ਅਤੇ ਅਸੂਲਾਂ ਮੁਤਾਬਕ ਹੀ ਵਾਚਣਾ ਚਾਹੀਦਾ ਹੈ, ਨਾ ਕਿ ਲੋੜ ਤੋਂ ਵੱਧ ਮੂੰਹ ਲਾਕੇ ਟਕਸਾਲੀ ਵਰਕਰਾਂ ਦੇ ਮਨਾਂ ਵਿਚ ਕੁਸੈਲ ਪੈਦਾ ਕੀਤੀ ਜਾਣੀ ਚਾਹੀਦੀ ਹੈ।
ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਿਕਰਮ ਸਿੰਘ ਮੋਫਰ ਨੇ ਕਿਹਾ ਕਿ ਟਿਕਟ ਮੰਗਣ ਦਾ ਸਭ ਨੂੰ ਹੱਕ ਹੈ, ਇਕ—ਦੋ ਦਿਨਾਂ ਵਿਚ ਮਾਮਲੇ ਨੂੰ ਸ਼ਾਂਤ ਕਰ ਲਿਆ ਜਾਵੇਗਾ।
ਅਵਤਾਰ ਹੈਨਰੀ ਦਾ ਕਹਿਣਾ ਹੈ ਕਿ ਪਾਰਟੀ ਵਿਚ ਕੋਈ ਫੁੱਟਬਾਜੀ ਨਹੀਂ, ਸਗੋਂ ਕਾਂਗਰਸ ਦੀ ਟਿਕਟ ਲੈਣ ਦੇ ਚਾਹਵਾਨ ਬੇਹੱਦ ਵੱਧ ਗਏ ਹਨ, ਜਦੋਂ ਕਿ ਅਕਾਲੀ ਦਲ ਸਮੇਤ ਹੋਰਾਂ ਦੀ ਕੋਈ ਟਿਕਟ ਲੈਣ ਲਈ ਅੱਗੇ ਨਹੀਂ ਆ ਰਿਹਾ ਹੈ।
ਫੋਟੋ ਕੈਪਸ਼ਨ: ਮਾਨਸਾ ਵਿਖੇ ਅਵਤਾਰ ਹੈਨਰੀ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਇਕ ਮੀਟਿੰਗ ਦੌਰਾਨ ਏਕਤਾ ਦਾ ਪਾਠ ਪੜ੍ਹਾਉਂਦੇ ਹੋਏ। (ਫੋਟੋ ਵਿਸ਼ਵ ਵਾਰਤਾ)