ਨੋਇਡਾ ਹੀਟਸਟ੍ਰੋਕ : ਗਰਮੀ ਦਾ ਕਹਿਰ ਇੱਕ ਦਿਨ ਚ ਮਿਲੀਆਂ 14 ਲਾਸ਼ਾਂ, ਲੂਅ ਲੱਗਣ ਨਾਲ ਮੌਤ ਹੋਣ ਦਾ ਖਦਸ਼ਾ
ਨੋਇਡਾ 19 ਜੂਨ (ਵਿਸ਼ਵ ਵਾਰਤਾ): ਪੰਜਾਬ ਹਰਿਆਣਾ ਦਿੱਲੀ ਐਨਸੀਆਰ ਉੱਤਰ ਪ੍ਰਦੇਸ਼ ਰਾਜਸਥਾਨ ਤੇ ਬਿਹਾਰ ਵਿੱਚ ਅੱਤ ਦੀ ਗਰਮੀ ਨੇ ਬੇਘਰ ਸੜਕਾਂ ਤੇ ਰਹਿਣ ਵਾਲੇ ਅਤੇ ਦਿਨ ਵੇਲੇ ਧੁੱਪ ਚ ਕੰਮ ਕਾਰ ਕਰਨ ਵਾਲੇ ਆਮ ਲੋਕਾਂ ਦੀ ਜਿੰਦਗੀ ਨੂੰ ਖਤਰੇ ਦੇ ਵਿੱਚ ਪਾ ਦਿੱਤਾ ਹੈ। ਇਹਨਾਂ ਦੇ ਵਿੱਚ ਸੜਕਾਂ ਦੇ ਉੱਤੇ ਦਿਨ ਗੁਜ਼ਾਰਨ ਵਾਲੇ ਲੋਕਾਂ ਦੀਆਂ ਮੌਤਾਂ ਦੀਆਂ ਲਗਾਤਾਰ ਖਬਰਾਂ ਨਸ਼ਰ ਹੋ ਰਹੀਆਂ ਹਨ। ਨੋਇਡਾ ਵਿੱਚ ਪਿਛਲੇ 24 ਘੰਟਿਆਂ ਚ ਅਲੱਗ ਅਲੱਗ ਜਗ੍ਹਾ ਤੇ 14 ਮ੍ਰਿਤਕ ਦੇਹਾਂ ਬਰਾਮਦ ਹੋਈਆਂ ਹਨ। ਖਦਸ਼ਾ ਜਾਹਿਰ ਕੀਤਾ ਗਿਆ ਹੈ, ਕਿ ਇਹ ਸਾਰੀਆਂ ਮੌਤਾਂ ਲੂਅ ਲੱਗਣ ਅਤੇ ਹੀਟ ਸਟਰੋਕ ਦੇ ਨਾਲ ਹੋਈਆਂ ਹਨ। ਸਿਹਤ ਵਿਭਾਗ ਵੱਲੋਂ ਇਹਨਾਂ ਮ੍ਰਿਤਕ ਦੇਹਾਂ ਦੇ ਪੋਸਟਮਾਰਟਮ ਤੋਂ ਬਾਅਦ ਮੌਤ ਦੇ ਅਸਲੀ ਕਾਰਨਾਂ ਦਾ ਖੁਲਾਸਾ ਕਰਨ ਦੀ ਗੱਲ ਆਖੀ ਗਈ ਹੈ। ਹੀਟ ਸਟਰੋਕ ਨਾਲ ਹੋ ਰਹੀਆਂ ਇਹਨਾਂ ਮੌਤਾਂ ਨੇ ਆਮ ਲੋਕਾਂ ਦੇ ਵਿੱਚ ਗਰਮੀ ਨੂੰ ਲੈ ਕੇ ਦਹਿਸ਼ਤ ਪੈਦਾ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਉੱਤਰ ਭਾਰਤ ਦੇ ਵਿੱਚ ਪੈ ਰਹੀ ਅੱਤ ਦੀ ਗਰਮੀ ਕਾਰਨ ਲੂਅ ਲੱਗਣ ਦੇ ਮਾਮਲਿਆਂ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਮ੍ਰਿਤਕ ਦੇਹਾਂ ਦੇ ਉੱਪਰ ਕਿਸੇ ਤਰ੍ਹਾਂ ਦੇ ਸੱਟ ਦੇ ਨਿਸ਼ਾਨ ਨਹੀਂ ਅਜਿਹੇ ਵਿੱਚ ਇਹ ਖਦਸ਼ਾ ਹੈ ਕਿ, ਇਹਨਾਂ ਸਾਰਿਆਂ ਦੀ ਮੌਤ ਲੂ ਲੱਗਣ ਦੇ ਨਾਲ ਹੀ ਹੋਈ ਹੈ। ਪਰ ਅਸਲ ਤਸਵੀਰ ਪੋਸਟਮਾਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਫ ਹੋ ਸਕੇਗੀ।























