ਮੁੱਖ ਮੰਤਰੀ ਮਾਨ ਦੇ ਦਿੱਲੀ ਦੌਰੇ ਤੋਂ ਬਾਅਦ ਆ ਸਕਦੀ ਹੈ ਵੱਡੀ ਖ਼ਬਰ, ਕਈ ਮੰਤਰੀਆਂ ਦੀ ਹੋ ਸਕਦੀ ਹੈ ਛੁੱਟੀ
ਚੰਡੀਗੜ੍ਹ ,12 ਜੂਨ (ਵਿਸ਼ਵ ਵਾਰਤਾ) ਪੰਜਾਬ ‘ਚ ਮੰਤਰੀਆਂ ਅਤੇ ਉਹਨਾਂ ਦੇ ਵਿਭਾਗਾਂ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਦੇ ਹਵਾਲੇ ਨਾਲ ਖ਼ਬਰ ਸਾਹਮਣੇ ਆਈ ਹੈ ਕਿ ਕਈ ਮੰਤਰੀਆਂ ਨੂੰ ਮੰਤਰੀ ਪਦ ਤੋਂ ਹੱਥ ਧੋਣੇ ਪੈ ਸਕਦੇ ਹਨ। ਲੋਕ ਸਭਾ ਦੇ ਨਤੀਜਿਆਂ ਤੋਂ ਬਾਅਦ ਸੀਐਮ ਮਾਨ ਲਗਾਤਾਰ ਐਕਟਿਵ ਮੋੜ ਵਿਚ ਨਜਰ ਆ ਰਹੇ ਹਨ। ਮਾਨ ਲਗਾਤਾਰ ਨਵੇਂ ਚੁਣੇ ਸਾਂਸਦਾਂ,ਵਿਧਾਇਕਾਂ ਅਤੇ ਪਾਰਟੀ ਅਹੁਦੇਦਾਰਾਂ ਨਾਲ ਮੀਟਿੰਗਾਂ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਿਹੜੀਆਂ ਕਮੀਆਂ ਰਹੀ ਗਈਆਂ ਜਿਨ੍ਹਾਂ ਕਰਕੇ ਆਪ ਨੂੰ ਸੂਬੇ ਅੰਦਰ ਸਿਰਫ 3 ਸੀਟਾਂ ਮਿਲੀਆਂ ਹਨ। ਸੂਤਰਾਂ ਦੀ ਮੰਨੀਏ ਤਾ ਮਾਨ ਅੱਜ ਦਿੱਲੀ ਹਾਈਕਮਾਂਡ ਨਾਲ ਮੀਟਿੰਗ ਕਰਨ ਜਾ ਰਹੇ ਹਨ। ਇਸ ਮੀਟਿੰਗ ਤੋਂ ਬਾਅਦ ਕਈ ਮੰਤਰੀਆਂ ‘ਤੇ ਗਾਜ਼ ਡਿੱਗ ਸਕਦੀ ਹੈ ਤੇ ਨਵੇਂ ਮੰਤਰੀਆਂ ਨੂੰ ਜਿੰਮੇਵਾਰੀਆਂ ਦਿੱਤੀਆਂ ਜਾ ਸਕਦੀਆਂ ਹਨ। ਸੀਐਮ ਨੇ ਆਪ ਆਗੂਆਂ ਨੂੰ ਲੋਕਾਂ ਨਾਲ ਸੰਪਰਕ ਵਧਾਉਣ ਦੀਆਂ ਹਿਦਾਇਤਾਂ ਦਿੱਤੀਆਂ ਹਨ ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਉਹ ਖੁਦ ਚੈਕ ਕਰਨਗੇ ਕਿ ਕੰਮ ਸਹੀ ਤਰੀਕੇ ਨਾਲ ਹੋ ਰਿਹਾ ਹੈ ਕਿ ਨਹੀਂ।






















