– 29 ਅਗਸਤ ਨੂੰ ਹੋਵੇਗੀ ਬੇਭਰੋਸਗੀ ਮਤੇ ਸੰਬੰਧੀ ਮੀਟਿੰਗ — ਐੱਸ ਡੀ ਐੱਮ
ਬੁਢਲਾਡਾ (ਮਾਨਸਾ), 22 ਅਗਸਤ (ਵਿਸ਼ਵ ਵਾਰਤਾ)- ਬੁਢਲਾਡਾ ਦੀ ਤਰਸਯੋਗ ਹਾਲਤ ਦੇ ਸੁਧਾਰ ਲਈ ਨਗਰ ਸੁਧਾਰ ਸਭਾ ਵੱਲੋਂ ਸ਼ੁਰੂ ਕੀਤੇ ਗਏ ਸੰਘਰਸ਼ ਦੇ ਅੱਜ ਲਗਾਤਾਰ ਤੀਸਰੇ ਦਿਨ ਪੂਰਨ ਤੌਰ *ਤੇ ਸ਼ਹਿਰ ਬੰਦ ਰਿਹਾ। ਇਸ ਲੋਕ ਸੰਘਰਸ਼ ਅੱਗੇ ਅੱਜ ਪ੍ਰਸ਼ਾਸ਼ਨ ਉਸ ਵੇਲੇ ਝੁਕ ਗਿਆ, ਜਦੋਂ ਥਾਣਾ ਮੁਖੀ ਰਜਿੰਦਰਪਾਲ ਸਿੰਘ ਦਾ ਈਓ ਵਿੰਗ ਮਾਨਸਾ ਵਿਖੇ ਤਬਾਦਲਾ ਕੀਤਾ ਗਿਆ ਅਤੇ ਉਨ੍ਹਾਂ ਦੀ ਥਾਂ ਨਵੇਂ ਮੁੱਖ ਅਫਸਰ ਪਰਮਜੀਤ ਸਿੰਘ ਭਗਵਾਨਪੁਰ ਹੀਂਗਣਾ ਨੂੰ ਲਾਇਆ ਗਿਆ। ਥਾਣਾ ਮੁਖੀ ਦੇ ਤਬਾਦਲੇ ਦਾ ਧਰਨੇ ਵਾਲੀ ਥਾਂ *ਤੇ ਮੰਚ ਤੋਂ ਬਕਾਇਆ ਐਲਾਨ ਕੀਤਾ ਗਿਆ। ਇਸ ਤੋਂ ਪਹਿਲਾਂ ਬੁਢਲਾਡਾ ਦੇ ਐਸ.ਡੀ.ਐਮ ਹਰਜੀਤ ਸਿੰਘ ਸੰਧੂ ਨੇ ਧਰਨਾਕਾਰੀਆਂ ਵਿਚਕਾਰ ਪਹੁੰਚਕੇ ਸੰਬੋਧਨ ਕਰਦਿਆਂ ਭਰੋਸਾ ਦਿਵਾਇਆ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਲਈ 24 ਅਗਸਤ ਨੂੰ ਟੈਂਡਰ ਲਗਾਏ ਗਏ ਹਨ, ਜਿਸ ਤੋਂ ਬਾਅਦ ਨਗਰ ਸੁਧਾਰ ਸਭਾ ਨੇ ਐਲਾਨ ਕੀਤਾ ਕਿ ਧਰਨਾ 28 ਅਗਸਤ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ, ਜਦੋਂ ਕਿ ਐਸ.ਡੀ.ਐਮ ਵੱਲੋਂ ਨਗਰ ਕੌਂਸਲ ਦੀ ਬੇਭਰੋਸਗੀ ਮਤੇ ਸਬੰਧੀ ਮੀਟਿੰਗ 29 ਅਗਸਤ ਨੂੰ ਸੱਦ ਲਈ ਗਈ ਹੈ।
ਇਸ ਤੋਂ ਪਹਿਲਾਂ ਅੱਜ ਲਗਾਤਾਰ ਤੀਸਰੇ ਦਿਨ ਲੋਕਾਂ ਨੇ ਆਪਣੇ ਵਪਾਰਕ ਕਾਰੋਬਾਰ, ਦੁਕਾਨਾਂ ਅਤੇ ਹੋਰ ਅਦਾਰਿਆਂ ਨੂੰ ਬੰਦ ਕਰਕੇ ਪ੍ਰਸ਼ਾਸ਼ਨ ਖਿਲਾਫ ਥਾਣਾ ਸਿਟੀ ਦੇ ਸਾਹਮਣੇ ਹੋਰ ਭਰਭੂਰ ਧਰਨਾ ਸ਼ੁਰੂ ਕੀਤਾ ਗਿਆ, ਜਦੋ ਧਰਨੇ ਦੌਰਾਨ ਲੋਕਾਂ ਦਾ ਰੋਸ ਪ੍ਰਸ਼ਾਸ਼ਨ ਪ੍ਰਤੀ ਲਗਾਤਾਰ ਵੱਧਣ ਲੱਗਿਆ ਤਾਂ ਪ੍ਰਸ਼ਾਸ਼ਨ ਨੇ ਲੋਕਾਂ ਦੀਆਂ ਤਕਲੀਫਾਂ ਮੁਹਰੇ ਝੁਕਦਿਆਂ ਧਰਨਾਕਾਰੀਆਂ ਦੀ ਥਾਣਾ ਮੁਖੀ ਤਬਦੀਲ ਕਰਨ ਦੀ ਮੰਗ ਨੂੰ ਸਵੀਕਾਰ ਕਰ ਲਿਆ ਗਿਆ ਅਤੇ ਨਵੇਂ ਥਾਣਾ ਮੁਖੀ ਪਰਮਜੀਤ ਸਿੰਘ ਭਗਵਾਨਪੁਰ ਹੀਂਗਣਾ ਵੱਲੋਂ ਬਕਾਇਦਾ ਚਾਰਜ ਸੰਭਾਲ ਲਿਆ ਗਿਆ।
ਇਸੇ ਦੌਰਾਨ ਬੁਢਲਾਡਾ ਦੇ ਐੱਸ.ਡੀ.ਐੱਮ ਹਰਜੀਤ ਸਿੰਘ ਸੰਧੂ ਨੇ ਧਰਨੇ ਵਿੱਚ ਪਹੁੰਚਕੇ ਧਰਨਾਕਾਰੀਆਂ ਨੂੰ ਭਰੋਸੇ ਦਿੱਤਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਕੋਈ ਖੜੋਤ ਨਹੀਂ ਲਿਆਦੀ ਜਾਵੇਗੀ ਅਤੇ ਇਸ ਨੂੰ ਪੂਰਾ ਕਰਨ ਲਈ 24 ਅਗਸਤ ਨੂੰ ਟੈਡਰ ਲਗਾ ਦਿੱਤੇ ਗਏ ਹਨ, ਜਿਸ ਤਹਿਤ ਸ਼ਹਿਰ ਦੀਆਂ ਮੁੱਖ ਸੜਕਾ ਤੋਂ ਇਲਾਵਾ ਜ਼ਰੂਰੀ ਕੰਮ ਸ਼ਾਮਿਲ ਕੀਤੇ ਗਏ ਹਨ, ਜਿੰਨ੍ਹਾਂ ਦਾ ਵਿਕਾਸ ਕਾਰਜ ਇਸੇ ਹਫਤੇ ਸ਼ੁਰੂ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਬੇਭਰੋਸਗੀ ਦਾ ਸਾਹਮਣਾ ਕਰ ਰਹੇ ਨਗਰ ਕੌਸਲ ਪ੍ਰਧਾਨ ਵੱਲੋਂ ਰੱਖੀ ਗਈ ਮੀਟਿੰਗ ਨੂੰ ਅਮਨ ਕਾਨੂੰਨ ਦੀ ਵਿਵਸਥਾ ਦੇ ਮੱਦੇਨਜਰ ਰੱਖਦਿਆਂ ਮੁਲਤਵੀ ਕਰ ਦਿੱਤੀ ਗਈ ਹੈ।
ਨਗਰ ਸੁਧਾਰ ਸਭਾ ਦੇ ਬੁਲਾਰਿਆਂ ਨੇ ਆਪੋ—ਆਪਣੀਆਂ ਤਕਰੀਰਾਂ ਦੌਰਾਨ ਕਿਹਾ ਕਿ ਅੱਜ ਦੀ ਇਸ ਮੀਟਿੰਗ ਵਿੱਚ ਸ਼ਹਿਰ ਨਾਲ ਖੜੇ ਕੌਸਲਰਾਂ ਨੂੰ ਕਾਂਗਰਸ ਦੇ ਇਕ ਮੋਹਤਵਰ ਆਗੂ ਦੇ ਪੀ.ਏ ਵੱਲੋਂ ਦਿੱਤੀਆਂ ਗਈਆ ਧਮਕੀਆਂ ਖਿਲਾਫ ਸ਼ਹਿਰੀਆਂ ਦਾ ਇੱਕ ਵਫਦ ਐਸਐਸਪੀ ਮਾਨਸਾ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਆਡਿਓ ਕਲਿੱਪ ਵੀ ਪੇਸ਼ ਕੀਤੀਆਂ ਜਾਣਗੀਆਂ। ਧਰਨੇ ਦੌਰਾਨ ਸੱਤਾਧਾਰੀਆਂ ਖਿਲਾਫ ਜਮਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਇਹ ਵੀ ਐਲਾਨ ਕੀਤਾ ਗਿਆ ਕਿ ਜੇਕਰ ਇਸ ਅਖੋਤੀ ਲੀਡਰਸਿਪ ਨੇ ਸ਼ਹਿਰ ਦੇ ਵਿਕਾਸ ਅਤੇ ਤਰੱਕੀ ਵਿੱਚ ਰੁਕਾਵਟ ਪੈਦਾ ਕੀਤੀ ਤਾਂ ਉਨ੍ਹਾਂ ਦੇ ਘਰਾਂ ਦੇ ਬਾਹਰ ਪੱਕੇ ਮੋਰਚੇ ਲਗਾਕੇ ਅਰਥੀ ਫੂਕ ਮੁਜਾਹਰੇ ਕੀਤੇ ਜਾਣਗੇ। ਇਸ ਮੌਕੇ ਨਗਰ ਸੁਧਾਰ ਸਭਾ ਨੇ ਐਲਾਨ ਕੀਤਾ ਕਿ ਧਰਨਾ 28 ਅਗਸਤ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
ਧਰਨੇ ਨੂੰ ਪ੍ਰੇਮ ਸਿੰਘ ਦੋਦੜਾ, ਐਡਵੋਕੇਟ ਸੁਸੀਲ ਕੁਮਾਰ ਬਾਂਸਲ, ਲਵਲੀ ਕਾਠ, ਰਾਕੇਸ਼ ਕੁਮਾਰ ਕੰਟਰੀ, ਹੰਸ ਰਾਜ ਸਾਬਕਾ ਸਰਪੰਚ, ਸੁਰਜੀਤ ਸਿੰਘ ਟੀਟਾ, ਸੁਭਾਸ਼ ਨਾਗਪਾਲ, ਕੌਸਲਰ ਵਿਵੇਕ ਜਲਾਨ, ਕੌਸਲਰ ਕਾਕਾ ਕੋਚ, ਕੌਸਲਰ ਸੁਖਵਿੰਦਰ ਕੋਰ ਸੁੱਖੀ, ਕਰਮਜੀਤ ਸਿੰਘ ਮਾਘੀ, ਜ਼ਿਲ੍ਹਾ ਕਾਂਗਰਸ ਦੇ ਜਰਨਲ ਸਕੱਤਰ ਰਾਕੇਸ਼ ਕੁਮਾਰ ਦੀਪਾ, ਸੁਭਾਸ਼ ਵਰਮਾ, ਹਰਦੇਵ ਕਮਲ, ਟਿੰਕੂ ਮਦਾਨ, ਕੁਲਦੀਪ ਸ਼ੀਮਾਰ, ਸੱਤਪਾਲ ਸਿੰਘ, ਵਿਸ਼ਾਲ ਸੂਦ, ਵਿਪਲ ਗਰਗ, ਨਰੇਸ਼ ਗਰਗ ਨੇ ਵੀ ਸੰਬੋਧਨ ਕੀਤਾ।