ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ
ਚੰਡੀਗੜ੍ਹ, 20ਅਪ੍ਰੈਲ(ਵਿਸ਼ਵ ਵਾਰਤਾ)-ਸਪੇਸਐਕਸ ਅਤੇ ਟੇਸਲਾ ਦੇ ਮਾਲਕ ਅਤੇ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇੱਕ ਐਲੋਨ ਮਸਕ ਨੇ ਭਾਰਤ ਦਾ ਦੌਰਾ ਮੁਲਤਵੀ ਕਰ ਦਿੱਤਾ ਹੈ। ਐਲੋਨ ਮਸਕ ਨੇ ਪਹਿਲੀ ਵਾਰ 21 ਅਤੇ 22 ਅਪ੍ਰੈਲ ਨੂੰ ਭਾਰਤ ਦਾ ਦੌਰਾ ਕਰਨਾ ਸੀ, ਇਸ ਦੌਰੇ ਦੌਰਾਨ ਐਲੋਨ ਮਸਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨੀ ਸੀ, ਜਿੱਥੇ ਉਹ ਭਾਰਤੀ ਬਾਜ਼ਾਰ ‘ਚ ਟੈਸਲਾ ਦੀ ਐਂਟਰੀ ਬਾਰੇ ਗੱਲ ਕਰਨ ਜਾ ਰਹੇ ਸਨ। ਜਿਸ ਨੂੰ ਉਨ੍ਹਾਂ ਨੇ ਫਿਲਹਾਲ ਮੁਲਤਵੀ ਕਰ ਦਿੱਤਾ ਹੈ। ਮਸਕ ਨੇ ਖੁਦ ਆਪਣੀ ਐਕਸ ਪੋਸਟ ਰਾਹੀਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ।ਐਲੋਨ ਮਸਕ ਨੇ ਆਪਣੇ ਅਧਿਕਾਰਤ ਐਕਸ ਹੈਂਡਲ ‘ਤੇ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਪੋਸਟ ਕੀਤਾ ਕਿ ਟੇਸਲਾ ਦੀਆਂ ਕੁਝ ਵੱਡੀਆਂ ਜ਼ਿੰਮੇਵਾਰੀਆਂ ਦੇ ਕਾਰਨ, ਉਨ੍ਹਾਂ ਨੇ ਫਿਲਹਾਲ ਆਪਣਾ ਭਾਰਤ ਦੌਰਾ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਇਸ ਸਾਲ ਦੇ ਅੰਤ ਤੱਕ ਭਾਰਤ ਆਉਣ ਲਈ ਬਹੁਤ ਉਤਸ਼ਾਹਿਤ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 10 ਅਪ੍ਰੈਲ ਨੂੰ ਐਲੋਨ ਮਸਕ ਨੇ ਆਪਣੇ ਟਵੀਟ ‘ਚ ਦੱਸਿਆ ਸੀ ਕਿ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਲਈ ਬਹੁਤ ਉਤਸ਼ਾਹਿਤ ਹਨ।