-ਵਾਇਰਲ ਹੋਈ ਵੀਡੀਓ ਅਨੁਸਾਰ ਹੁੱਲੜਬਾਜ਼ੀ ਕਰਨ ਵਾਲਿਆਂ ‘ਤੇ ਕਾਰਵਾਈ ਕਰੇ ਸਰਕਾਰ
ਪਟਿਆਲਾ, 11 ਅਗਸਤ (ਵਿਸ਼ਵ ਵਾਰਤਾ)-ਪਿਛਲੇ ਕਈ ਦਿਨਾਂ ਤੋਂ ਸਨੌਰ ਪੁਲਿਸ ਥਾਣੇ ਵਿਚ ਕੁੱਝ ਨੌਜਵਾਨਾਂ ਨਾਲ ਪੁਲਸ ਵਲੋਂ ਕੀਤੇ ਗਏ ਦੁਰਵਿਵਹਾਰ ਤੋਂ ਬਾਅਦ ਭਖੇ ਮਸਲੇ ‘ਤੇ ਪੰਜਾਬ ਪੁਲਸ ਵੈਲਫੇਅਰ ਐਸੋਸੀਏਸ਼ਨ ਨੇ ਕਿਹਾ ਹੈ ਕਿ ਸਨੌਰ ਪੁਲਿਸ ਦੇ ਮੁਲਾਜ਼ਮਾਂ ਨਾਲ ਸ਼ਰੇਆਮ ਧੱਕੇਸ਼ਾਹੀ ਅਤੇ ਗੁੰਡਾਗਰਦੀ ਹੋਈ ਹੈ, ਜਿਨਾ ਹੁੱਲੜਬਾਜਾਂ ਨੇ ਸਰਕਾਰੀ ਡਿਊਟੀ ਵਿਚ ਤਾਇਨਾਤ ਪੁਲਸ ਮੁਲਾਜ਼ਮਾਂ ਨਾਲ ਬਦਤਮੀਜੀ ਕੀਤੀ, ਉਨਾ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ‘ਤੇ ਪੰਜਾਬ ਪੁਲਸ ਵੈਲਫੇਅਰ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਪ੍ਰਧਾਨ ਸਮਸ਼ੇਰ ਸਿੰਘ ਗੁੱਡੂ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸਾਬਕਾ ਐਸ. ਪੀ. ਰਤਨ ਲਾਲ ਮੋਂਗਾ, ਸਾਬਕਾ ਐਸ. ਪੀ. ਗੁਰਨਾਮ ਸਿੰਘ ਮਹਿਰਾ, ਸਾਬਕਾ ਐਸ. ਪੀ. ਗੁਰਜਿੰਦਰ ਸਿੰਘ, ਸਾਬਕਾ ਐਸ. ਪੀ. ਪ੍ਰਗਟ ਸਿੰਘ, ਸਾਬਕਾ ਡੀ. ਐਸ. ਪੀ. ਪ੍ਰੀਤਮ ਸਿੰਘ, ਸਾਬਕਾ ਇੰਸ. ਜੱਸਾ ਸਿੰਘ ਸੰਧੂ, ਕੁਲਦੀਪ ਸਿੰਘ ਸੇਖੋਂ ਸਮੇਤ ਹੋਰ ਕਈ ਰਿਟਾਇਰਡ ਪੁਲਸ ਅਧਿਕਾਰੀ ਸ਼ਾਮਲ ਹੋਏ। ਮੀਟਿੰਗ ਦੌਰਾਨ ਸਮਸ਼ੇਰ ਸਿੰਘ ਗੁੱਡੂ ਅਤੇ ਜੱਸਾ ਸਿੰਘ ਸੰਧੂ ਨੇ ਕਿਹਾ ਕਿ ਐਸੋਸੀਏਸ਼ਨ ਵਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਗਈ, ਜਿਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਧੱਕਾ ਸਨੌਰ ਪੁਲਸ ਨਾਲ ਹੋਇਆ ਹੈ ਨਾ ਕਿ ਕਿਸੇ ਹੋਰ ਨਾਲ। ਉਨਾ ਦੱਸਿਆ ਕਿ 5 ਅਤੇ 6 ਅਗਸਤ ਦੀ ਅੱਧੀ ਰਾਤ ਨੂੰ ਏ. ਐਸ. ਆਈ. ਨਰਿੰਦਰ ਸਿੰਘ ਦੀ ਅਗਵਾਈ ਹੇਠ ਚਾਰ ਮੁਲਾਜ਼ਮਾਂ ਨੇ ਸਨੌਰ ਦੇ ਨੇੜੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਲਗਭਗ 11:45 ਵਜੇ ਤਿੰਨ ਮੋਟਰਸਾਈਕਲਾਂ ‘ਤੇ 7 ਨੌਜਵਾਨ ਹੁੱਲੜਬਾਜ਼ੀ ਅਤੇ ਹੂਟਿੰਗ ਕਰਦੇ ਹੋਏ ਸਨੌਰ ਤੋਂ ਪਟਿਆਲਾ ਵੱਲ ਜਾ ਰਹੇ ਸਨ। ਇਨਾ ਵਿਚੋਂ ਦੋ ਮੁੰਡੇ ਪਗੜੀ ਧਾਰੀ ਸਨ ਅਤੇ ਪੰਜ ਮੋਨੇ ਸਨ। ਇਕ ਮੋਟਰਸਾਈਕਲ ‘ਤੇ ਤਿੰਨ ਨੌਜਵਾਨ ਸਵਾਰ ਸਨ ਜਦੋਂ ਕਿ ਦੋ ਮੋਟਰਸਾਈਕਲਾਂ ‘ਤੇ ਦੋ-ਦੋ ਸਵਾਰ ਸਨ। ਕਿਸੇ ਵੀ ਨੌਜਵਾਨ ਨੇ ਹੈਲਮਟ ਨਹੀਂ ਪਾਇਆ ਹੋਇਆ ਸੀ। ਜਦੋਂ ਇਨਾ ਨੂੰ ਪੁਲਸ ਪਾਰਟੀ ਨੇ ਰੋਕਿਆ ਅਤੇ ਪੁੱਛ ਪੜ•ਤਾਲ ਕੀਤੀ ਤਾਂ ਉਨਾ ਦੱਸਿਆ ਕਿ ਉਹ ਰਜਿੰਦਰਾ ਹਸਪਤਾਲ ਦੇ ਨੇੜੇ ਪਰੋਂਠੇ ਖਾਣ ਜਾ ਰਹੇ ਹਨ। ਪੁਲਸ ਨੇ ਕਾਗਜ਼ ਦਿਖਾਉਣ ਲਈ ਕਿਹਾ। ਕਾਗਜ਼ ਦਿਖਾਉਣ ਦੀ ਬਜਾਏ ਇਨਾ ਵਿਚੋਂ ਪੰਜ ਮੁੰਡਿਆਂ ਨੇ ਆਪਣੇ ਆਪਣੇ ਮੋਬਾਈਲ ਕੱਢ ਲਏ ਅਤੇ ਪੁਲਸ ਨਾਲ ਬਹਿਸ ਸ਼ੁਰੂ ਕਰਦੇ ਹੋਏ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਧਮਕੀਆਂ ਦੇਣ ਲੱਗੇ ਕਿ ਪੁਲਸ ਵਾਲਿਆਂ ਨੇ ਸ਼ਰਾਬ ਪੀਤੀ ਹੋਈ ਹੈ ਅਤੇ ਇਹ ਵੀਡੀਓ ਉਹ ਨੈਟ ‘ਤੇ ਵਾਇਰਲ ਕਰ ਦੇਣਗੇ। ਸਾਬਕਾ ਪੁਲਸ ਅਫਸਰਾਂ ਨੇ ਕਿਹਾ ਕਿ ਇਨਾ ਮੁੰਡਿਆਂ ਦੇ ਹੀ ਇਕ ਸਾਥੀ ਵਲੋਂ ਬਣਾਈ ਗਈ ਜੋ ਵੀਡੀਓ ਵਾਇਰਲ ਹੋਈ ਹੈ, ਉਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਮੁੰਡੇ ਸ਼ਰੇਆਮ ਡਿਊਟੀ ‘ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨੂੰ ਧਮਕੀਆਂ ਦੇ ਰਹੇ ਹਨ, ਉਨਾ ਦੀ ਬੇਇਜ਼ਤੀ ਕਰ ਰਹੇ ਹਨ ਅਤੇ ਗਾਲਾ ਕੱਢ ਰਹੇ ਹਨ। ਇਨਾ ਮੁੰਡਿਆਂ ਨੇ ਟੈਲੀਫੋਨ ਆਪਣੇ ਕਿਸੇ ਅਸਰ ਰਸੂਖ ਵਾਲੇ ਰਿਸ਼ਤੇਦਾਰ ਨੂੰ ਬੁਲਾਇਆ, ਜਿਸ ਨੇ ਮੌਕੇ ‘ਤੇ ਆ ਕੇ ਇਨਾ ਮੁੰਡਿਆਂ ਨੂੰ ਸਮਝਾਇਆ ਕਿ ਡਿਊਟੀ ‘ਤੇ ਤਾਇਨਾਤ ਪੁਲਸ ਮੁਲਾਜ਼ਮ ਲੋਕਾਂ ਦੀ ਇਫਾਜ਼ਤ ਲਈ ਹਨ, ਇਨਾ ਨਾਲ ਬਦਤਮੀਜੀ ਕਰਨਾ ਗਲਤ ਹੈ। ਵੀਡੀਓ ਵਿਚ ਉਹ ਵਿਅਕਤੀ ਕਹਿ ਰਿਹਾ ਹੈ ਕਿ ਤੁਹਾਨੂੰ ਪਹਿਲਾਂ ਵੀ ਕਈ ਵਾਰ ਛਡਾਇਆ ਗਿਆ ਹੈ। ਉਸ ਵਿਅਕਤੀ ਦੀ ਹਾਜ਼ਰੀ ਵਿਚ ਇਹ ਸਮੁੱਚੇ ਨੌਜਵਾਨ ਥਾਣੇ ਪਹੁੰਚੇ, ਜਿਥੇ ਉਨਾ ਲਿਖਤੀ ਮੁਆਫੀ ਮੰਗੀ ਅਤੇ ਉਹ ਥਾਣੇ ਤੋਂ ਚਲੇ ਗਏ। ਪੁਲਸ ਨੇ ਕਿਸੇ ਵੀ ਮੁੰਡੇ ਨੂੰ ਹੱਥ ਤੱਕ ਨਹੀਂ ਲਾਇਆ। ਸਮਸ਼ੇਰ ਸਿੰਘ ਗੁੱਡੂ ਨੇ ਕਿਹਾ ਕਿ ਐਸੋਸੀਏਸ਼ਨ ਨੇ ਜੋ ਜਾਂਚ ਕੀਤੀ ਹੈ, ਉਸ ਵਿਚ ਸਪਸ਼ਟ ਹੈ ਕਿ ਗੁੰਡਾਗਰਦੀ ਮੁੰਡਿਆਂ ਵਲੋਂ ਕੀਤੀ ਗਈ ਹੈ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਇਸ ਦੇ ਬਾਵਜੂਦ ਵੀ ਪੁਲਸ ਮੁਲਾਜ਼ਮਾਂ ‘ਤੇ ਕਾਰਵਾਈ ਕੀਤੀ ਗਈ, ਜਿਸ ਕਾਰਨ ਪੁਲਸ ਮੁਲਾਜ਼ਮਾਂ ਦੇ ਹੌਂਸਲੇ ਢਹਿ ਢੇਰੀ ਹੋਏ ਹਨ। ਉਨਾ ਕਿਹਾ ਕਿ ਪਟਿਆਲਾ ਮੁੱਖ ਮੰਤਰੀ ਦਾ ਸ਼ਹਿਰ ਹੈ, ਜਿਸ ਕਰਕੇ ਵਿਰੋਧੀ ਰਾਜਸੀ ਪਾਰਟੀਆਂ ਇਸ ਨੂੰ ਮੁੱਦੇ ਨੂੰ ਰਾਜਸੀ ਰੰਗਤ ਦੇ ਕੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣਾ ਚਾਹੁੰਦੀਆਂ ਹਨ। ਬੇਕਸੂਰ ਅਤੇ ਬੇਜ਼ੁਬਾਨ ਪੁਲਸ ਮੁਲਾਜ਼ਮ ਇਸ ਰਾਜਸੀ ਘਮਸਾਨ ਵਿਚ ਬੇਇਨਸਾਫੀ ਅਤੇ ਧੱਕੇਸ਼ਾਹੀ ਦਾ ਸ਼ਿਕਾਰ ਹੋ ਰਹੇ ਹਨ। ਉਨਾ ਕਿਹਾ ਕਿ ਜੇਕਰ ਪੁਲਸ ਗਸ਼ਤ ਨਾ ਕਰੇ? ਨਾਕੇ ਨਾ ਲਾਵੇ? ਤਾਂ ਚੋਰੀ ਅਤੇ ਗੈਂਗਸਟਰਾਂ ਦੀਆਂ ਘਟਨਾਵਾਂ ਹੁੰਦੀਆਂ ਹਨ, ਜਿਸ ਕਰਕੇ ਪੁਲਸ ਦੀ ਬਦਨਾਮੀ ਹੁੰਦੀ ਹੈ ਅਤੇ ਜੇਕਰ ਪੁਲਸ ਆਪਣੀ ਡਿਊਟੀ ਕਰਦੀ ਹੈ ਤਾਂ ਅਜਿਹੇ ਲੋਕ ਪੁਲਸ ਨੂੰ ਬਦਨਾਮ ਕਰਕੇ ਪੁਲਸ ਦਾ ਮਨੋਬਲ ਗੇਰਦੇ ਹਨ। ਉਨਾ ਕਿਹਾ ਕਿ ਪੁਲਸ ਸਮਾਜ ਦੀ ਰੱਖਿਆ ਲਈ ਹੈ। ਜੇਕਰ ਪੁਲਸ ਦਾ ਦਬਦਾਅ ਹੀ ਖਤਮ ਹੋ ਗਿਆ ਤਾਂ ਗੈਂਗਸਟਰਾਂ ਦਾ ਦਬਦਬਾਅ ਵੱਧ ਜਾਵੇਗਾ ਅਤੇ ਸਮੁੱਚਾ ਸਿਸਟਮ ਢਹਿ ਢੇਰੀ ਹੋ ਜਾਵੇਗਾ, ਜਿਸ ਕਾਰਨ ਕੋਈ ਵੀ ਸੁਰੱਖਿਅਤ ਨਹੀਂ ਰਹੇਗਾ। ਅੱਜ ਸਮਾਂ ਆ ਗਿਆ ਹੈ ਕਿ ਇਸ ਘਿਨਾਉਣੀ ਰਾਜਨੀਤੀ ਤੋਂ ਉਪਰ ਉਠ ਕੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨ ਵਾਲੀ ਪੁਲਸ ਦਾ ਮਨੋਬਲ ਕਾਇਮ ਰੱਖਿਆ ਜਾਵੇ। ਉਨਾ ਮੰਗ ਕੀਤੀ ਹੈ ਕਿ ਪੁਲਸ ਮੁਲਾਜ਼ਮਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ।
ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਕੁਰਾਲੀ ਮੰਡੀ ਦਾ ਦੌਰਾ ਕੀਤਾ
ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਕੁਰਾਲੀ ਮੰਡੀ ਦਾ ਦੌਰਾ ਕੀਤਾ ਚੱਲ ਰਹੇ ਖਰੀਦ ਸੀਜ਼ਨ ਦੀ ਸਮੀਖਿਆ ਕੀਤੀ ਕਿਸਾਨਾਂ ਨੂੰ...