ਚੰਡੀਗੜ੍ਹ, 10 ਅਗਸਤ (ਵਿਸ਼ਵ ਵਾਰਤਾ) : ਪੰਜਾਬ ਦੇ ਖੇਡ ਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਗਲੋਬਲ ਕਬੱਡੀ ਲੀਗ ਕਰਵਾਉਣ ਦਾ ਫੈਸਲਾ ਕੀਤਾ ਹੈ ਜੋ ਕਿ ਇਸੇ ਸਾਲ 14 ਅਕਤੂਬਰ ਤੋਂ 3 ਨਵੰਬਰ, 2018 ਤੱਕ ਕਰਵਾਈ ਜਾਵੇਗੀ।
ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਖੇਡ ਮੰਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵਲੋਂ ਲੋਕਾਂ ਦੇ ਸਹਿਯੋਗ ਨਾਲ ਸੂਬੇ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤੀ ਦਾ ਸੁਨੇਹਾ ਦੇਣ ਲਈ ਇਹ ਲੀਗ ਕਰਵਾਈ ਜਾਵੇਗੀ ਜਿਸ ਵਿੱਚ ਦੇਸ਼-ਵਿਦੇਸ਼ ਦੀਆਂ ਟੀਮਾਂ ਹਿੱਸਾ ਲੈਣਗੀਆਂ। ਉਨ੍ਹਾਂ ਦੱਸਿਆ ਕਿ ਇਸ ਕਬੱਡੀ ਲੀਗ ਦੇ ਮੁਕਾਬਲੇ ਜਲੰਧਰ ਤੇ ਲੁਧਿਆਣਾ ‘ਚ ਕਰਵਾਏ ਜਾਣਗੇ ਜਦੋਂ ਕਿ ਫਾਈਨਲ ਮੁਕਾਬਲਾ ਐਸ.ਏ.ਐਸ. ਨਗਰ (ਮੁਹਾਲੀ) ਵਿਖੇ ਕਰਵਾਇਆ ਜਾਵੇਗਾ।
ਰਾਣਾ ਸੋਢੀ ਨੇ ਦੱਸਿਆ ਕਿ ਇਹ ਲੀਗ ਸਪਾਂਸਰਸ਼ਿਪ ਨਾਲ ਕਰਵਾਈ ਜਾਵੇਗੀ ਜਿਸ ਉਤੇ ਸਰਕਾਰ ਦਾ ਕੋਈ ਖ਼ਰਚ ਨਹੀਂ ਹੋਵੇਗਾ। ਪਿਛਲੀ ਸਰਕਾਰ ਵਲੋਂ ਕਰਵਾਏ ਕਬੱਡੀ ਕੱਪਾਂ ਸਬੰਧੀ ਉਨ੍ਹਾਂ ਕਿਹਾ ਕਿ ਉਹ ਕਬੱਡੀ ਕੱਪ ਸਿਰਫ਼ ਸ਼ੋਅ ਸਨ ਜਦਕਿ ਮੌਜੂਦਾ ਸਰਕਾਰ ਵਲੋਂ ਕਰਵਾਇਆ ਜਾ ਰਿਹਾ ਇਹ ਟੂਰਨਾਮੈਂਟ ਇੱਕ ਮਿਸ਼ਨ ਹੈ। ਉਨ੍ਹਾਂ ਕਿਹਾ ਇਸ ਟੂਰਨਾਮੈਂਟ ਸਬੰਧੀ ਇੱਕ ਪ੍ਰਬੰਧਕੀ ਕਮੇਟੀ ਬਣਾਈ ਜਾ ਰਹੀ ਹੈ, ਜਿਸਨੂੰ ਸਰਕਾਰ ਵਲੋਂ ਸਰਕਾਰੀ ਨੀਤੀ ਤਹਿਤ ਚਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਜੇਤੂਆਂ ਨੂੰ ਦਿੱਤੇ ਜਾਣ ਵਾਲੀ ਇਨਾਮੀ ਰਾਸ਼ੀ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਤੇ ਜਲਦ ਹੀ ਇਸ ਸਬੰਧੀ ਫੈਸਲਾ ਅਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਟੂਰਨਾਮੈਂਟ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਕੀਤਾ ਜਾਵੇਗਾ ਜੋ ਕਿ ਨਵੀਂ ਤਰਜ਼ ‘ਤੇ ਹੋਵੇਗਾ।
ਰਾਣਾ ਸੋਢੀ ਨੇ ਕਿਲ੍ਹਾ ਰਾਏਪੁਰ ਦੀਆਂ ਵਿਰਾਸਤੀ ਖੇਡਾਂ ਨੂੰ ਹਰ ਹਾਲ ਜਾਰੀ ਰੱਖਣ ਪ੍ਰਤੀ ਦ੍ਰਿੜਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਨਿਰੰਤਰ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਸੂਬੇ ਦੀ ਖੇਡ ਨੀਤੀ ਅਗਲੇ ਮਹੀਨ ਤੱਕ ਲਾਗੂ ਕਰ ਦਿੱਤੀ ਜਾਵੇਗੀ। ਨਵੀਂ ਖੇਡ ਨੀਤੀ ਤਹਿਤ ਨਿਯਮਾਂ ਨੂੰ ਵਿਚਾਰ ਕੇ ਵਿਸ਼ੇਸ਼ ਖਿਡਾਰੀਆਂ ਨੂੰ ਛੋਟ ਦੇਣ ‘ਦੇ ਵੀ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਵਿਰਾਸਤੀ ਕਲਾਵਾਂ ਨਾਲ ਜੋੜਨ ਲਈ ਸੂਬਾ ਪੱਧਰੀ ਯੁਵਕ ਮੇਲੇ ਨਵੰਬਰ ਮਹੀਨੇ ‘ਚ ਕਰਵਾਏ ਜਾਣਗੇ।
ਜੂਨੀਅਰ ਬੱਚਿਆਂ ਦੀਆਂ ਖੇਡਾਂ ‘ਖੇਡ ਕੈਲੰਡਰ’ ਅਨੁਸਾਰ ਕਰਵਾਉਣ ‘ਤੇ ਜ਼ੋਰ ਦਿੰਦਿਆਂ ਖੇਡ ਮੰਤਰੀ ਨੇ ਕਿਹਾ ਕਿ ਪਿੰਡਾਂ ਦੇ ਪ੍ਰਾਇਮਰੀ, ਮਿਡਲ ਤੇ ਸੈਕੰਡਰੀ ਸਕੂਲਾਂ ਦੇ ਖੇਡ ਮੈਦਾਨਾਂ ਨੂੰ ਸਕੂਲ ਦੇ ਸਮੇਂ ਤੋਂ ਬਾਅਦ ਖੇਡਾਂ ਤੇ ਖਿਡਾਰੀਆਂ ਨੂੰ ਕੋਚਿੰਗ ਦੇਣ ਲਈ ਵਰਤਣ ਦੀ ਸਿੱਖਿਆ ਵਿਭਾਗ ਵੱਲੋਂ ਇਜਾਜ਼ਤ ਮਿਲ ਰਹੀ ਹੈ, ਜਿਸ ‘ਚ ਸਬੰਧਤ ਸਕੂਲ ਤੋਂ ਬਾਹਰਲੇ ਖਿਡਾਰੀ ਵੀ ਭਾਗ ਲੈ ਸਕਣਗੇ।