-ਪਾਰਟੀ ਦੇ ਕੁੱਝ ਆਗੂ ਬੈਂਸ ਭਰਾਵਾਂ ਦੇ ਹੱਥਾਂ ਵਿਚ ਖੇਡ ਕੇ ਪਾਰਟੀ ਨੂੰ ਖਤਮ ਕਰਨ ਦੀਆਂ ਕਰ ਰਹੇ ਹਨ ਸਾਜਿਸ਼ਾਂ
ਚੰਡੀਗੜ, 1 ਅਗਸਤ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਦੇ ਕੁੱਝ ਗੁਮਰਾਹ ਹੋਏ ਆਗੂਆਂ ਵੱਲੋਂ ਬਠਿੰਡਾ ਵਿਖੇ ਕਰਵਾਈ ਜਾ ਰਹੀ ਕਥਿਤ ‘ਆਪ ਕਨਵੈੱਨਸ਼ਨ‘ ਆਰਐਸਐਸ, ਭਾਜਪਾ-ਅਕਾਲੀ ਦਲ ਬਾਦਲ ਅਤੇ ਬੈਂਸ ਭਰਾਵਾਂ ਵੱਲੋਂ ਸਪਾਂਸਰ ਕਨਵੈੱਨਸ਼ਨ ਹੈ, ਜਿਸ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਨਾਂ ਦਾ ਗ਼ਲਤ ਅਤੇ ਅਨੈਤਿਕ ਇਸਤੇਮਾਲ ਕੀਤਾ ਗਿਆ ਹੈ। ਇੱਥੋਂ ਤੱਕ ਕਿ ਇਸ ਕਨਵੈੱਨਸ਼ਨ ਦੇ ਪ੍ਰਚਾਰ ਲਈ ਆਮ ਆਦਮੀ ਪਾਰਟੀ ਦੇ ਬਹੁਗਿਣਤੀ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦਾ ਨਾਂ ਅਤੇ ਫ਼ੋਟੋਆਂ ਵੀ ਅਨੈਤਿਕ ਤਰੀਕੇ ਨਾਲ ਵਰਤੀਆਂ ਗਈਆਂ ਹਨ, ਜਦਕਿ ਅਸਲੀਅਤ ‘ਚ ਇਹਨਾਂ ਆਗੂਆਂ ਦਾ ਬੇਗਾਨਿਆਂ ਵੱਲੋਂ ਸਪਾਂਸਰ ਇਸ ਕਨਵੈੱਨਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ, ਕਿਉਂਕਿ ਇਹ ਕਥਿਤ ਕਨਵੈੱਨਸ਼ਨ ਪੰਜਾਬ ਦੇ ਦਲਿਤ ਅਤੇ ਦੱਬੇ ਕੁਚਲੇ ਸਮਾਜ ਦੇ ਖ਼ਿਲਾਫ਼ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਨਾਂ ਸਮੇਤ ਸਮੁੱਚੀ ਪਾਰਟੀ ਇਸ ਕਨਵੈੱਨਸ਼ਨ ਦਾ ਜ਼ੋਰਦਾਰ ਸਵਾਗਤ ਕਰਦੀ ਜੇਕਰ ਇਹ ਨਿੱਜ ਪ੍ਰਸਤੀ ਅਤੇ ਮੌਕਾਪ੍ਰਸਤੀ ਦੀ ਥਾਂ ਪੰਜਾਬ ਦੇ ਦਲਿਤਾਂ, ਕਿਸਾਨਾਂ, ਬੇਰੁਜ਼ਗਾਰਾਂ, ਮਹਿੰਗਾਈ, ਭਿ੍ਰਸ਼ਟਾਚਾਰ, ਮਾਫ਼ੀਆ ਰਾਜ ਅਤੇ ਨਸ਼ਿਆਂ ਨਾਲ ਮਰ ਰਹੇ ਨੌਜਵਾਨਾਂ ਵਰਗੇ ਭਖਵੇਂ ਮੁੱਦਿਆਂ ‘ਤੇ ਆਧਾਰਿਤ ਹੁੰਦੀ।
ਚੀਮਾ ਨੇ ਕਿਹਾ ਕਿ ਬੈਂਸ ਭਰਾ ਮੌਕਾ ਪ੍ਰਸਤ ਸਿਆਸਤ ਦੇ ਮਾਹਿਰ ਹਨ, ਜਿੰਨਾ ਨਾਲ ਰਹਿ ਕੇ ਗੱਠਜੋੜ ਧਰਮ ਨਿਭਾਉਣ ਦੀ ਥਾਂ ਆਮ ਆਦਮੀ ਪਾਰਟੀ ਨੂੰ ਭੰਨਣਾ-ਤੋੜਨਾ ਸ਼ੁਰੂ ਕਰ ਦਿੱਤਾ। ਬਦਕਿਸਮਤੀ ਨਾਲ ਸਾਡੇ ਕੁੱਝ ਆਪਣੇ ਭਰਾ ਬੈਂਸਾਂ ਰਾਹੀਂ ਆਰਐਸਐਸ-ਭਾਜਪਾ ਅਤੇ ਅਕਾਲੀ ਦਲ ਵੱਲੋਂ ਦਿਖਾਏ ‘ਸਬਜ਼ਬਾਗ‘ ਦੇ ਬਹਿਕਾਵਿਆਂ ‘ਚ ਆ ਗਏ ਅਤੇ ਆਮ ਲੋਕਾਂ ਅਤੇ ਵਲੰਟੀਅਰਾਂ ਵੱਲੋਂ ਖ਼ੂਨ-ਪਸੀਨੇ ਨਾਲ ਖੜੀ ਕੀਤੀ ਆਮ ਆਦਮੀ ਪਾਰਟੀ ਨੂੰ ਕਤਲ ਕਰਨ ‘ਤੇ ਚੀਮਾ ਨੇ ਆਪਣੀ ਹੀ ਪਾਰਟੀ ਦੇ ਕੁੱਝ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਮੌਕਾਪ੍ਰਸਤੀ ਅਤੇ ਨਿੱਜੀ ਸਵਾਰਥ ਤਿਆਗ ਕੇ ਪੰਜਾਬ ਅਤੇ ਪਾਰਟੀ ਦੇ ਲਮੇਰੇ ਹਿਤਾਂ ਲਈ ਡਟਣ ਕਿਉਂਕਿ ਇਸ ਪਾਰਟੀ ਨੇ ਉਨਾਂ ਬਹੁਤ ਮਾਣ ਬਖ਼ਸ਼ਿਆ ਹੈ।
ਹਰਪਾਲ ਸਿੰਘ ਚੀਮਾ ਨੇ ਪਾਰਟੀ ਦੇ ਵਲੰਟੀਅਰਾਂ, ਪਾਰਟੀ ਅਤੇ ਪੰਜਾਬ ਹਿਤੈਸ਼ੀਆਂ ਨੂੰ ਵੀ ਅਪੀਲ ਕੀਤੀ ਕਿ ਉਹ ‘ਆਪ‘ ਨੂੰ ਤੋੜਨ ਅਤੇ ਦਲਿਤਾਂ ਨੂੰ ਲਿਤਾੜਨ ਵਾਲੀਆਂ ਹੰਕਾਰੀ ਤਾਕਤਾਂ ਤੋਂ ਸਾਵਧਾਨ ਰਹਿਣ।