
ਨਵੀਂ ਦਿੱਲੀ 20 ਜੁਲਾਈ – ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਲੋਕ ਸਭਾ ਵਿਚ ਕੇਂਦਰ ਦੀ ਭਾਜਪਾ ਸਰਕਾਰ ਉਤੇ ਤਿੱਖੇ ਹਮਲੇ ਕੀਤੇ। ਹਾਲਾਂਕਿ ਉਹਨਾਂ ਨੇ ਇਸ ਦੌਰਾਨ ਪ੍ਰਧਾਨ ਮੰਤਰੀ ਨੂੰ ਗਲੇ ਵੀ ਲਗਾਇਆ।
ਰਾਹੁਲ ਗਾਂਧੀ ਨੇ ਕਿਹਾ ਕਿ ਭਾਵੇਂ ਮੈਂ ਭਾਜਪਾ ਲਈ ਪੱਪੂ ਹਾਂ ਤੇ ਭਾਜਪਾ ਵਿਚ ਮੇਰੇ ਖਿਲਾਫ ਨਫਰਤ ਹੈ, ਪਰ ਮੇਰੇ ਅੰਦਰ ਬੀਜੇਪੀ ਲਈ ਬਿਲਕੁਲ ਵੀ ਨਫਰਤ ਨਹੀਂ ਹੈ। ਇਸ ਦੌਰਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੀਟ ਤੇ ਜਾ ਕੇ ਉਹਨਾਂ ਨੂੰ ਗਲੇ ਵੀ ਲਗਾਇਆ।
ਕੇਂਦਰ ਸਰਕਾਰ ਨੂੰ ਬਣਾਇਆ ਨਿਸ਼ਾਨਾ
ਇਸ ਦੌਰਾਨ ਰਾਹੁਲ ਗਾਂਧੀ ਨੇ ਲੋਕ ਸਭਾ ਵਿਚ ਬੋਲਦਿਆਂ ਕਿਹਾ ਕਿ ਸਾਡੀ ਸਰਕਾਰ ਨੇ ਰਾਫੇਲ ਜਹਾਜ਼ ਦੀ ਕੀਮਤ 520 ਕਰੋੜ ਰੱਖੀ ਸੀ ਪਰ ਪ੍ਰਧਾਨ ਮੰਤਰੀ ਫਰਾਂਸ ਗਏ ਅਤੇ ਰਾਫੇਲ ਦੀ ਕੀਮਤ 1600 ਕਰੋੜ ਹੋ ਗਈ। ਰਾਹੁਲ ਦੇ ਇਸ ਬਿਆਨ ਦਾ ਕੇਂਦਰੀ ਰੱਖਿਆ ਮੰਤਰੀ ਸੀਤਾ ਰਮਨ ਨੇ ਵਿਰੋਧ ਕੀਤਾ।
ਇਸ ਤੋਂ ਇਲਾਵਾ ਉਹਨਾਂ ਕਿਹਾ ਕਿ 2016-17 ਵਿੱਚ ਕੇਵਲ 4 ਲੱਖ ਲੋਕਾਂ ਨੂੰ ਹੀ ਰੁਜ਼ਗਾਰ ਮਿਲਿਆ ਹੈ ਜਦੋਂ ਕਿ ਸਰਕਾਰ ਨੇ ਹਰ ਸਾਲ 2 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ। ਉਹਨਾਂ ਕਿਹਾ ਕਿ ਰੁਜ਼ਗਾਰ ਅਤੇ ਕਾਲੇ ਧਨ ਦੇ ਨਾਂਅ ‘ਤੇ ਮੋਦੀ ਸਰਕਾਰ ਨੇ ਲੋਕਾਂ ਨੂੰ ਗੁਮਰਾਹ ਕੀਤਾ ਹੈ।






















