ਸ਼ਾਇਰ ਕਮਲਨੇਤਰ ਦੀ ਹਾਲਤ ਨਾਜ਼ੁਕ- ਪੀਜੀਆਈ ਚੰਡੀਗੜ੍ਹ ਵਿਖੇ ਜੇਰੇ ਇਲਾਜ
ਬੁਧੀਜੀਵੀਆਂ, ਲੇਖਕਾਂ ਵਲੋਂ ਸਰਕਾਰ ਨੂੰ ਮਦਦ ਦੀ ਗੁਹਾਰ
ਚੰਡੀਗੜ੍ਹ,5ਜਨਵਰੀ(ਵਿਸ਼ਵ ਵਾਰਤਾ)- ਉੱਘੇ ਸ਼ਾਇਰ ਕਮਲਨੇਤਰ ਗੁਰਦਿਆਂ ਦੇ ਕੈਂਸਰ ਕਾਰਨ ਪੀ. ਜੀ.ਆਈ ਚੰਡੀਗੜ੍ਹ ਵਿਖੇ ਜੇਰੇ ਇਲਾਜ ਹਨ। ਉਹਨਾਂ ਦੀ ਬਿਮਾਰੀ ਦੇ ਚਲਦਿਆਂ ਬੁੱਧੀਜੀਵੀਆਂ, ਲੇਖਕਾਂ ਵਲੋਂ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਗਈ ਹੈ। ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸੁਰ ਸਾਂਝ ਕਲਾ ਮੰਚ ਦੇ ਪ੍ਰਧਾਨ ਸੁਰਜੀਤ ਸੁਮਨ, ਜਨਰਲ ਸਕੱਤਰ ਜਗਦੀਪ ਸਿੱਧੂ, ਅਦਬ ਲੋਕ ਮਾਨਸਾ ਦੇ ਪ੍ਰਧਾਨ ਐਡਵੋਕੇਟ ਬਲਵੰਤ ਭਾਟੀਆ, ਪ੍ਰਗਤੀਸ਼ੀਲ ਮੰਚ, ਪੰਜਾਬ ਦੇ ਪ੍ਰਧਾਨ ਸੁਰਜੀਤ ਜੱਜ, ਜਨਰਲ ਸਕੱਤਰ ਡਾ.ਕੁਲਦੀਪ ਦੀਪ, ਗੀਤਕਾਰ ਗੁਰਚੇਤ ਫੱਤੇਵਾਲੀਆ, ਬਲਵਿੰਦਰ ਸਿੰਘ ਧਾਲੀਵਾਲ, ਸਮਾਜ ਸੇਵੀ ਹਰਦੀਪ ਸਿੱਧੂ ਆਦਿ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕੈਂਸਰ ਦਾ ਇਲਾਜ ਬਹੁਤ ਮਹਿੰਗਾ ਹੈ ਅਤੇ ਲੇਖਕ ਦੇਸ਼ ਦਾ ਬੌਧਿਕ ਸਰਮਾਇਆ ਹੁੰਦੇ ਹਨ, ਇਸ ਲਈ ਸਰਕਾਰ ਨੂੰ ਸ਼ਾਇਰ ਕਮਲਨੇਤਰ ਦੀ ਆਰਥਿਕ ਤੌਰ ਤੇ ਮਦਦ ਕਰਨੀ ਚਾਹੀਦੀ ਹੈ। ਦੱਸਣਯੋਗ ਹੈ ਕਿ ਕਮਲਨੇਤਰ ਦਾ ਇੱਕ ਗਜ਼ਲ ਸੰਗ੍ਰਹਿ ‘ਸੋਨੇ ਦੀ ਪੈੜ’ ਪ੍ਰਕਾਸ਼ਿਤ ਹੋਇਆ ਹੈ। ਉਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਦੇ ਹਰ ਸਾਹਿਤਕ ਪਰਚੇ ਤੇ ਗਜ਼ਲ ਸੰਪਾਦਿਤ ਕਿਤਾਬ ਵਿਚ ਛਪਦੀਆਂ ਰਹੀਆਂ ਹਨ। ਇਨ੍ਹਾਂ ਦੀ ਸ਼ਾਇਰੀ ਨਵੇਂ ਭਾਵ-ਬੋਧ, ਸ਼ਿਲਪ ਦੀ ਸ਼ਾਇਰੀ ਹੈ।