
– ਹੁਣ ਅਣਹੋਣੀ ਹੋਈ ਤਾਂ ਸੰਬੰਧਿਤ ਜ਼ਿਲਾ ਪੁਲਸ ਮੁਖੀ ਨੂੰ ਘੇਰਾਂਗੇ-ਮੀਤ ਹੇਅਰ, ਮਨਜਿੰਦਰ ਸਿੱਧੂ
ਚੰਡੀਗੜ , 26 ਜੂਨ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਯੂਥ ਵਿੰਗ ਨੇ ਪੰਜਾਬ ‘ਚ ਨਸ਼ਿਆਂ ਕਾਰਨ ਰੋਜ਼ਾਨਾ ਮੌਤ ਦੇ ਮੁੂੂੰਹ ਜਾ ਰਹੇ ਨੌਜਵਾਨਾਂ ਲਈ ਪੁਲਸ ਪ੍ਰਸ਼ਾਸਨ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਉਂਦੇ ਹੋਏ ਐਲਾਨ ਕੀਤਾ ਹੈ ਕਿ ਜੇਕਰ ਭਵਿੱਖ ਵਿਚ ਕੋਈ ਅਜਿਹੀ ਅਣਹੋਣੀ ਘਟਨਾ ਵਾਪਰੇਗੀ ਤਾਂ ਪਾਰਟੀ ਦਾ ਯੂਥ ਵਿੰਗ ਸੰਬੰਧਿਤ ਐਸ.ਐਸ.ਪੀ ਦੇ ਦਫ਼ਤਰ ਦਾ ਘਿਰਾਓ ਕਰੇਗਾ।
‘ਆਪ’ ਵੱਲੋਂ ਜਾਰੀ ਸਾਂਝੇ ਪ੍ਰੈੱਸ ਬਿਆਨ ਰਾਹੀਂ ਵਿਧਾਇਕ ਅਤੇ ਯੂਥ ਵਿੰਗ ਦੇ ਇੰਚਾਰਜ ਮੀਤ ਹੇਅਰ ਅਤੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਦੌਰਾਨ ਹੀ ਦਰਜ਼ਨ ਤੋਂ ਵੱਧ ਨੌਜਵਾਨ ਨਸ਼ੀਲੇ ਪਦਾਰਥਾਂ ਦੀ ਓਵਰਡੋਜ਼ ਨਾਲ ਜਾਨਾਂ ਗੁਆ ਚੁੱਕੇ ਹਨ, ਪਰੰਤੂ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਮੌਤ ਦਾ ਇਹ ਤਾਂਡਵ ਰੋਕਣ ਲਈ ਕੋਈ ਰੁਚੀ ਨਹੀਂ ਦਿਖਾਈ, ਨਤੀਜਣ ਪੁਲਸ ਪ੍ਰਸ਼ਾਸਨ ਵੀ ਮੂਕ ਦਰਸ਼ਕ ਬਣਿਆ ਹੋਇਆ ਹੈ।
ਮੀਤ ਹੇਅਰ ਅਤੇ ਮਨਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੀ ਬਾਦਲ ਸਰਕਾਰ ਵਾਂਗ ਕਾਂਗਰਸ ਸਰਕਾਰ ਦਾ ਇਹ ਗੈਰ-ਜਿੰਮੇਦਾਰਨਾ ਰਵੱਈਆ ਬੇਹੱਦ ਦੁਖਦ ਅਤੇ ਬਰਦਾਸ਼ਤ ਤੋਂ ਬਾਹਰ ਹੈ, ਇਸ ਲਈ ‘ਆਪ’ ਦੇ ਯੂਥ ਵਿੰਗ ਨੇ ਫ਼ੈਸਲਾ ਲਿਆ ਹੈ ਕਿ ਜੇਕਰ ਹੁਣ ਕਿਤੇ ਅਜਿਹੀ ਮਾੜੀ ਘਟਨਾ ਵਾਪਰਦੀ ਹੈ ਤਾਂ ‘ਆਪ’ ਯੂਥ ਵਿੰਗ ਜਾਗਰੂਕ ਲੋਕਾਂ ਅਤੇ ਨੌਜਵਾਨਾਂ ਨੂੰ ਨਾਲ ਲੈ ਕੇ ਸੰਬੰਧਿਤ ਜ਼ਿਲਾ ਪੁਲਸ ਮੁਖੀ ਦੇ ਦਫ਼ਤਰ ਦਾ ਘਿਰਾਓ ਕਰਕੇ ਗੈਰ ਜ਼ਰੂਰੀ ਸਿਆਸੀ ਦਖ਼ਲ ਅੰਦਾਜ਼ੀ ਕਾਰਨ ਪਿਛਲੇ ਡੇਢ-ਦੋ ਦਹਾਕਿਆਂ ਤੋਂ ਸੁੱਤੀ ਪਈ ਪੁਲਸ ਨੂੰ ਜਾਗਣ ਲਈ ਮਜਬੂਰ ਕਰੇਗਾ। ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਚੁੱਕੀ ਗੁਟਕਾ ਸਾਹਿਬ ਦੀ ਉਹ ਸਹੁੰ ਯਾਦ ਕਰਾਵਾਂਗੇ ਜਿਸ ‘ਚ ਉਨਾਂ ਸਰਕਾਰ ਬਣਨ ਦੀ ਸੂਰਤ ‘ਚ ਇੱਕ ਮਹੀਨੇ ਦੇ ਅੰਦਰ-ਅੰਦਰ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਅਤੇ ਨਸ਼ੇ ਦੇ ਵਪਾਰੀਆਂ ਨੂੰ ਜੇਲਾਂ ‘ਚ ਸੁੱਟਣ ਦਾ ਵਾਅਦਾ ਪੰਜਾਬ ਦੇ ਲੋਕਾਂ ਨਾਲ ਕੀਤਾ ਸੀ।
ਮੀਤ ਹੇਅਰ ਅਤੇ ਮਨਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ‘ਆਪ’ ਯੂਥ ਵਿੰਗ ਆਪਣੀ ਇਹ ਲੜਾਈ ਉਦੋਂ ਤੱਕ ਜਾਰੀ ਰੱਖੇਗਾ ਜਦੋਂ ਤੱਕ ਪੁਲਸ ਨਸ਼ੇ ਦੇ ਵਪਾਰੀਆਂ ਦਾ ਨੈੱਟਵਰਕ ਤਹਿਸ ਨਹਿਸ ਨਹੀਂ ਕਰ ਦਿੰਦੀ। ਉਨਾਂ ਕਿਹਾ ਕਿ ਜੇਕਰ ਸਰਕਾਰਾਂ ਨਸ਼ੇ ਦੇ ਤਸਕਰਾਂ ਦੀ ਸਿਆਸੀ ਪੁਸ਼ਤਪਨਾਹੀ ਬੰਦ ਕਰ ਦੇਵੇ ਅਤੇ ਪੁਲਸ ਪ੍ਰਸ਼ਾਸਨ ਨੂੰ ਕਾਨੂੰਨ ਮੁਤਾਬਿਕ ਆਪਣਾ ਕੰਮ ਕਰਨ ਦੇਣ ਤਾਂ ਪੰਜਾਬ ਪੁਲਸ 24 ਘੰਟਿਆਂ ‘ਚ ਨਸ਼ੇ ਦੇ ਕਾਰੋਬਾਰੀਆਂ ਨੂੰ ਚੁੱਕ ਕੇ ਜੇਲਾਂ ਵਿਚ ਸੁੱਟ ਸਕਦੀ ਹੈ, ਪਰੰਤੂ ਹੁਣ ਉਲਟਾ ਹੋ ਰਿਹਾ ਹੈ। ਜੇਕਰ ਕੋਈ ਨਸ਼ਾ ਤਸਕਰਾਂ ਵਿਰੁੱਧ ਆਵਾਜ਼ ਉਠਾਉਂਦਾ ਹੈ ਤਾਂ ਨਸ਼ਾ ਮਾਫ਼ੀਆ ਸ਼ਰੇਆਮ ਗੁੰਡਾਗਰਦੀ ਤੇ ਜਾਨਲੇਵਾ ਹਮਲੇ ਕਰਨ ਤੋਂ ਸੰਕੋਚ ਨਹੀਂ ਕਰਦਾ, ਤਰਨਤਾਰਨ ਜ਼ਿਲੇ ਦੇ ਨੂਰਦੀ ਪਿੰਡ ਦਾ ‘ਆਪ’ ਵਲੰਟੀਅਰ ਜਸਦੀਪ ਸਿੰਘ ਨੂਰਦੀ ਇਸ ਦਾ ਤਾਜ਼ਾ ਸ਼ਿਕਾਰ , ਪਰੰਤੂ ‘ਆਪ’ ਦੇ ਦਬਾਅ ਕਾਰਨ ਪੁਲਸ ਪ੍ਰਸ਼ਾਸਨ ਦੋਸ਼ੀਆਂ ਵਿਰੁੱਧ ਹਰਕਤ ‘ਚ ਆਇਆ ਹੈ। ਸਿੱਧੂ ਨੇ ਪੁਲਿਸ ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਇਮਾਨਦਾਰੀ ਤੇ ਜ਼ਮੀਰ ਦੀ ਆਵਾਜ਼ ‘ਤੇ ਕਾਨੂੰਨ ਅਨੁਸਾਰ ਨਸ਼ਾ ਮਾਫ਼ੀਆ ‘ਤੇ ਸ਼ਿਕੰਜਾ ਕੱਸਣ ਦੀ ਅਪੀਲ ਕਰਦਿਆਂ ਪੰਜਾਬ ਦੇ ਨੌਜਵਾਨਾਂ, ਜ਼ਿੰਮੇਵਾਰ ਨਾਗਰਿਕਾਂ, ਸਮਾਜ ਸੇਵੀ ਸੰਗਠਨਾਂ ਤੇ ਆਮ ਆਦਮੀ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਦੀ ਨਸ਼ਿਆਂ ਕਾਰਨ ਮਰ ਰਹੀ ਜਵਾਨੀ ਲਈ ‘ਆਪ’ ਯੂਥ ਵਿੰਗ ਦਾ ਸਾਥ ਦੇਣ ਅਤੇ ਨਸ਼ਿਆਂ ਦੇ ਮਰੀਜ਼ ਹੋ ਚੁੱਕੇ ਨੌਜਵਾਨਾਂ ਨਾਲ ਹਮਦਰਦੀ ਵਾਲਾ ਰਵੱਈਆ ਅਪਣਾਉਂਦੇ ਹੋਏ ਉਨਾਂ ਨੂੰ ਸਹੀ ਰਾਹ ‘ਤੇ ਪਰਤਣ ਲਈ ਮਦਦਗਾਰ ਬਣਨ।























