ਖਤਰੇ ਦੀ ਘੰਟੀ ਵੱਜ ਗਈ! – ਬੁੱਧ ਸਿੰਘ ਨੀਲੋਂ
ਚੰਡੀਗੜ੍ਹ,2ਅਗਸਤ(ਵਿਸ਼ਵ ਵਾਰਤਾ)-
ਪੰਜਾਬ ਦੇ ਬਹੁ ਗਿਣਤੀ ਲੋਕ ਇਹ ਸਮਝਦੇ ਹਨ ਕਿ ਅਸੀਂ ਕਿਹੜਾ ਜੁਆਕ ਸਰਕਾਰੀ ਸਕੂਲਾਂ ਤੇ ਕਾਲਜਾਂ ਦੇ ਵਿੱਚ ਪੜ੍ਹਨ ਭੇਜਣੇ ਹਨ। ਜੇ ਇਹ ਬੰਦ ਹੁੰਦੇ ਹਨ ਤਾਂ ਸਾਨੂੰ ਕੀ ਐ ? ਇਹ ਸਚੁ ਹੈ ਕਿ ਇਹਨਾਂ ਸਿਖਿਆਵਾਂ ਸੰਸਥਾਵਾਂ ਨੂੰ ਬੰਦ ਕਰਨ ਦਾ ਅਰਥ ਹੈ; ਆਰਥਿਕ ਤੌਰ ਉੱਤੇ ਕਮਜ਼ੋਰ ਕਰਨ ਲੋਕਾਂ ਦੇ ਬੱਚਿਆਂ ਦਾ ਗਲਾ ਘੁੱਟ ਕੇ ਮਾਰਨਾ। ਕਿਉਂਕਿ ਸਰਕਾਰੀ ਸਕੂਲਾਂ ਤੇ ਕਾਲਜਾਂ ਦੇ ਵਿੱਚ ਆਰਥਿਕ ਤੌਰ ਉੱਤੇ ਕਮਜ਼ੋਰ ਕਰਨ ਲੋਕਾਂ ਦੇ ਜੁਆਕ ਪੜ੍ਹ ਦੇ ਹਨ। ਪੰਜਾਬ ਦੇ ਵਿੱਚ ਜੇ ਪੰਜਾਬ ਸਰਕਾਰ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਨੂੰ ਖਤਮ ਕਰ ਰਹੀ ਹੈ; ਉਹ ਕਿਸੇ ਤੋਂ ਗੱਲ ਲੁਕੀ ਛਿਪੀ ਨਹੀਂ । ਪੰਜਾਬ ਨੂੰ ਬਚਾਉਣ ਦੀ ਜਿੰਮੇਵਾਰੀ ਹਰ ਪੰਜਾਬੀ ਦੀ ਹੈ। ਪੰਜਾਬ ਦੇ ਲੇਖਕਾਂ, ਕਵੀਆਂ, ਕਵਿਤਰੀਆਂ, ਵਿਦਵਾਨਾਂ ਤੇ ਪੰਜਾਬੀ ਸਾਹਿਤ ਅਕਾਦਮੀਆਂ ਤੇ ਕੇਂਦਰੀ ਪੰਜਾਬੀ ਲੇਖਕ ਸਭਾਵਾਂ ਨੂੰ ਤਾਂ ਹੋਰ ਬਹੁਤ ਮਸਲੇ ਹਨ। ਉਹਨਾਂ ਨੂੰ ਕਵੀ ਦਰਬਾਰ ਤੇ ਕਿਤਾਬ ਰਿਲੀਜ਼ ਸਮਾਰੋਹ ਕਰਨ ਤੋਂ ਵਿਹਲ ਨਹੀਂ । ਉਹਨਾਂ ਨੇ ਅਜੇ ਇਨਾਮਾਂ ਤੇ ਪੁਰਸਕਾਰਾਂ ਦੀ ਲੜਾਈ ਲੜਨੀ ਹੈ। ਸੰਸਥਾਵਾਂ ਉੱਪਰ ਕਿਵੇਂ ਕਾਬਜ਼ ਰਹਿਣਾ ਤੇ ਹੋਣਾ; ਬਹੁਤ ਗੰਭੀਰ ਤੇ ਵੱਡਾ ਮਸਲਾ ਹੈ। ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਵੀ ਕੋਈ ਫਿਕਰ ਨਹੀਂ । ਪੰਜਾਬ ਸਰਕਾਰ ਤਾਂ ਸਿਖਿਆ ਦੀ 2020 ਵਾਲੀ ਨੀਤੀ ਲਾਗੂ ਕਰਨ ਲੱਗੀ ਹੈ। ਜਿਵੇਂ ਸਰਕਾਰੀ ਦਫਤਰਾਂ ਵਿਚ ਪੋਸਟ ਤੋਂ ਕੋਈ ਸੇਵਾ ਮੁਕਤ ਹੁੰਦਾ ਹੈ। ਪੋਸਟ ਖਤਮ ਕਰ ਦਿੱਤੀ ਜਾਂਦੀ ਹੈ। ਪੰਜਾਬ ਸਰਕਾਰ ਦੇ ਬੋਰਡਾਂ ਤੇ ਕਾਰਪੋਰੇਸ਼ਨ ਅਦਾਰਿਆਂ ਵਿੱਚ ਬਹੁ ਗਿਣਤੀ ਕੱਚੇ ਮੁਲਾਜ਼ਮਾਂ ਦੇ ਸਹਾਰੇ ਚੱਲਦੇ ਹਨ । ਜਿਹਨਾਂ ਦੀਆਂ ਨਿਗੂਣੀਆਂ ਤਨਖਾਹਾਂ ਹਨ। ਕੰਮ ਦਾ ਬੋਝ ਵਾਧੂ ਪਾਇਆ ਹੋਇਆ ਹੈ । ਫਿਰੋਜ਼ਪੁਰ ਵਿਚ ਪੰਜਾਬੀ ਭਾਸ਼ਾ ਪੜ੍ਹਾਉਣੀ ਬੰਦ ਕਰ ਦਿੱਤੀ ਹੈ ।ਫਰੀਦਕੋਟ ਦੇ ਸਰਕਾਰੀ ਕਾਲਜ ਵਿੱਚ ਅਧਿਆਪਕ ਕੱਢ ਦਿੱਤੇ ਹਨ । ਜਿਹੜੀ ਅੱਗ ਮਨੀਪੁਰ ਦੇ ਵਿੱਚ ਲੱਗੀ ਹੋਈ ਸੀ; ਉਹ ਹਰਿਆਣਾ ਦੇ ਵਿੱਚ ਪੁੱਜ ਗਈ ਹੈ । ਪੰਜਾਬ ਦੇ ਵਲ ਵੱਧਦੀ ਆ ਰਹੀ ਹੈ ।ਪੰਜਾਬ ਦੇ ਵਿੱਚ ਨਿਹੰਗਾਂ ਤੇ ਈਸਾਈਆਂ ਦਾ ਟਕਰਾਅ ਤੇ ਪਰਵਾਸੀਆਂ ਵਲੋਂ ਘਿਨਾਉਣੀਆਂ ਹਰਕਤਾਂ ਦੀਆਂ ਵਾਰਦਾਤਾਂ ਇਹ ਦੱਸਦੀਆਂ ਹਨ ਕਿ ਭਵਿੱਖ ਵਿਚ ਕੀ ਵਾਪਰ ਸਕਦਾ ਹੈ ? ਹੁਣ ਮਸਲਾ ਧਰਮ, ਜਾਤ ਪਾਤ ਤੇ ਅਮੀਰ ਗਰੀਬ ਦਾ ਨਹੀਂ ਪੰਜਾਬ ਤੇ ਪੰਜਾਬੀ ਦੀ ਹੋਂਦ ਬਚਾਉਣ ਦਾ ਹੈ। ਇਹ ਹੁਣ ਕਿਵੇਂ ਬਚਾਇਆ ਜਾ ਸਕਦਾ ਇਹ ਤੁਸੀਂ ਸਭ ਜਾਣਦੇ ਹੀ ਹੋ। ਇਸ ਲਈ ਇਕੱਠੇ ਹੋ ਕੇ ਹੰਭਲਾ ਮਾਰੋ । ਨਹੀਂ ਭਵਿੱਖ ਵਿਚ ਇਹ ਕੁੱਝ ਹੋਣਾ ਹੈ ਤੁਸੀਂ ਸੋਚਿਆ ਵੀ ਨਹੀਂ ।
ਪੰਜਾਬ ਦੇ ਲੋਕੋ ਜਾਗੋ । ਹੁਣ ਨਾ ਜਾਗੇ ਤੇ ਹੁਣ ਨਾ ਉੱਠੇ । ਫੇਰ ਕਿਸੇ ਨੇ ਨਹੀਂ ਜਗਾਉਣ ਆਉਣਾ।