ਫਾਂਸੀ ਲਾਉਣ ਦੀ ਵੀ ਇਕ ਲੰਮੀ ਪ੍ਰਕਿਰਿਆ ਹੁੰਦੀ ਹੈ ਪਰ ਅਕਾਲ ਤਖ਼ਤ ਦੇ ਜੱਥੇਦਾਰ ਨੂੰ ਬਦਲਣ ਦੀ ਕੋਈ ਪ੍ਰਕਿਰਿਆ ਨਹੀਂ :ਭੋਮਾ
ਚੰਡੀਗੜ੍ਹ, 17 ਜੂਨ (ਵਿਸ਼ਵ ਵਾਰਤਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਪ੍ਰੈਸ ਬਿਆਨ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਦਲਣ ਤੇ ਐਸਜੀਪੀਸੀ ਤੇ ਕਈ ਸਵਾਲ ਚੁੱਕੇ ਹਨ। ਉਹਨਾਂ ਕਿਹਾ ਕਿਸੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਤੋਂ ਪਹਿਲਾਂ ਤੇ ਬਾਅਦ ਵਿੱਚ ਇੱਕ ਲੰਮੀ ਪ੍ਰਕ੍ਰਿਆ ਹੁੰਦੀ ਹੈ। ਦੋਸ਼ੀ ਨੂੰ ਫਾਹੇ ਲਾਉਣ ਤੋਂ ਪਹਿਲਾਂ ਆਪਣਾ ਪੱਖ ਰੱਖਣ ਤੇ ਬਚਾਅ ਲਈ ਕਈ ਮੌਕੇ ਦਿੱਤੇ ਜਾਂਦੇ ਹਨ ਪਰ ਜਥੇਦਾਰ ਅਕਾਲ ਤਖ਼ਤ ਨੂੰ ਹਟਾਉਣ ਤੋਂ ਪਹਿਲਾ ਸ਼੍ਰੋਮਣੀ ਕਮੇਟੀ ਆਪਣਾ ਪੱਖ ਰੱਖਣ ਦਾ ਇਕ ਵੀ ਮੌਕਾ ਨਹੀਂ ਦਿੰਦੀ ਅਤੇ ਸਮੁੰਦਰੀ ਹਾਲ ਚ ਇਕ ਸਤਰ ਦਾ ਮਤਾ ਪਾ ਕੇ ਜੱਥੇਦਾਰ ਨੂੰ ਬੇਇੱਜ਼ਤ ਤੇ ਅਪਮਾਨਿਤ ਕਰਕੇ ਘਰ ਨੂੰ ਤੋਰ ਦਿੱਤਾ ਜਾਂਦਾ ਹੈ।
ਭੋਮਾ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਨੇ ਜਥੇਦਾਰ ਨੂੰ ਰਾਤੋ ਰਾਤ ਬਦਲਣ ਦੀ ਕੀ ਨੋਬਤ ਆ ਗਈ? ਧਾਮੀ ਸਾਹਿਬ, ਜਥੇਦਾਰ ਸਾਹਿਬ ਨੇ ਤਾਹਨੂੰ ਪੀ ਟੀ ਸੀ ਚੈਨਲ ਬਾਹਰ ਕੱਢਣ ਲਈ ਇੱਕ ਅੰਦੇਸ਼ ਜਾਰੀ ਕੀਤਾ ਗਿਆ ਸੀ ਪਰ ਤੁਸੀਂ ਉਲਟਾ ਜਥੇਦਾਰ ਹੀ ਬਾਹਰ ਕੱਢ ਦਿੱਤਾ।
ਭੋਮਾ ਨੇ ਕਿਹਾ ਕਿ ਜਿੰਨਾ ਚਿਰ ਗਿਆਨੀ ਹਰਪ੍ਰੀਤ ਸਿੰਘ ਬਾਦਲ ਪਰਿਵਾਰ ਦੀ ਹਾਂ ਵਿਚ ਹਾਂ ਮਿਲਾਉਂਦਾ ਰਿਹਾ ਓਹਨਾ ਚਿਰ ਆਪਣੇ ਆਹੁਦੇ ਤੇ ਕਾਇਮ ਰਿਹਾ ਤੇ ਜਦੋਂ ਹੀ ਜਥੇਦਾਰ ਨੇ ਸਿੱਖੀ ਸਿਧਾਤਾਂ ਤੇ ਕੌਮ ਦੇ ਹੱਕਾ ਦੀ ਗੱਲ ਕੀਤੀ ਤੇ ਉਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹਟਾ ਕੇ ਤਖ਼ਤ ਦਮਦਮਾ ਸਾਹਿਬ ਭੇਜ ਦਿੱਤਾ ਅਤੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਅਨੰਦਪੁਰ ਸਾਹਿਬ ਤੋਂ ਰਾਤੋ ਰਾਤ ਲਿਆ ਕੇ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਲਾ ਦਿੱਤਾ ਗਿਆ।ਮੈ ਐਸਜੀਪੀਸੀ ਪ੍ਰਧਾਨ ਧਾਮੀ ਸਾਹਿਬ ਨੂੰ ਇਹ ਪੁੱਛਦਾ ਹਾਂ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਹਟਾਉਣ ਦੀ ਫਾਇਲ ਵੀ ਹੁਣ ਤੋਂ ਤਿਆਰ ਕਰ ਛੱਡੋ ਪਤਾ ਨਹੀਂ ਆਕਾ ਦਾ ਜਥੇਦਾਰ ਨੂੰ ਹਟਾਉਣ ਦਾ ਕਦੋਂ ਹੁਕਮ ਆ ਜਾਣਾ ਹੈ ? ਕੀ ਹਰ ਵਾਰੀ ਜੱਥੇਦਾਰਾਂ ਦੀ ਨਿਯੁਕਤੀ ਤੁਹਾਡੇ ਆਕਾ ਦੇ ਕਹਿਣ ਤੇ ਹੀ ਹੋਇਆ ਕਰੇਗੀ ਜਾਂ ਕੋਈ ਹੋਰ ਵਿਧੀ ਵਿਧਾਨ ਵੀ ਬਣਾਇਆ ਜਾਵੇਗਾ।ਜਦੋਂ ਵੀ ਕੋਈ ਜਥੇਦਾਰ ਬਾਦਲਾ ਦੀ ਮਰਜੀ ਦੇ ਖਿਲਾਫ ਜਾਂ ਕੌਮ ਦੇ ਹੱਕਾ ਦੀ ਗੱਲ ਕਰਦਾ ਹੈ ਤਾਂ ਕਿਸੇ ਵੀ ਜਥੇਬੰਦੀ ਜਾਂ ਕੌਮ ਨੂੰ ਦੱਸੇ ਬਿਨਾਂ ਬਾਦਲਾ ਦੇ ਕਹਿਣ ਤੇ ਰਾਤੋ ਰਾਤ ਉਸਨੂੰ ਬਦਲ ਦਿੱਤਾ ਜਾਂਦਾ ਹੈ।ਗਿਆਨੀ ਹਰਪ੍ਰੀਤ ਸਿੰਘ ਅਪਣੀ ਸੇਵਾ ਬਾਖ਼ੂਬੀ ਢੰਗ ਨਾਲ ਨਿਭਾ ਰਹੇ ਸਨ ਫਿਰ ਓਹਨਾ ਨੂੰ ਰਾਤੋ ਰਾਤ ਬਦਲਣ ਦੀ ਕੀ ਨੋਬਤ ਆ ਗਈ।ਜੇਕਰ ਜਥੇਦਾਰ ਸਾਹਿਬ ਵੱਲੋ ਰਾਘਵ ਚੱਡਾ ਤੇ ਪਰਣੀਤੀ ਚੋਪੜਾ ਦੀ ਮੰਗਣੀ ਤੇ ਜਾਣ ਕਰਕੇ ਜਥੇਦਾਰ ਇਥੋਂਈ ਹਟਾਇਆ ਗਿਆ ਹੈ ਤੇ ਫਿਰ ਉਹਨੂੰ ਦਮਦਮਾ ਸਾਹਿਬ ਦਾ ਜਥੇਦਾਰ ਕਿਉ ਲਗਾਇਆ ਹੈ ? ਪ੍ਰਧਾਨ ਧਾਮੀ ਸਾਹਿਬ ਨੂੰ ਨੌਕਰਸ਼ਾਹੀ ਤੇ ਜਥੇਦਾਰੀ ਵਿਚਲੇ ਫ਼ਰਕ ਨੂੰ ਸਮਝਣਾ ਚਾਹੀਦਾ ਹੈ।ਓਹਨਾਂ ਨੂੰ ਬਾਦਲਾਂ ਦੀ ਜੀ ਹਜ਼ੂਰੀ ਨੂੰ ਛੱਡ ਕੇ ਆਪਣੀ ਕੌਮ ਦੀ ਸਿਰਮੌਰ ਸੰਸਥਾ ਦੇ ਪ੍ਰਧਾਨ ਹੋਣ ਦਾ ਸਿਰਮੌਰ ਫ਼ਰਜ਼ ਨਿਭਾਉਣਾ ਚਾਹੀਦਾ ਹੈ।ਪ੍ਰਧਾਨ ਸਾਹਿਬ ਨੂੰ ਚਾਹੀਦਾ ਹੈ ਕਿ ਕਿਸੇ ਵੀ ਜਥੇਦਾਰ ਦੀ ਬਦਲੀ ਜਾਂ ਨਿਯੁਕਤੀ ਕਰਨ ਲਈ ਜੋ ਵਿਧੀ ਵਿਧਾਨ ਬਣਾਉਣ ਲਈ ਜੋ ਜਥੇਦਾਰ ਗਿਆਨੀ ਵੇਦਾਂਤੀ ਸਮੇਂ ਪ੍ਰਕ੍ਰਿਇਆਂ ਸ਼ੁਰੂ ਕੀਤੀ ਗਈ ਸੀ ਉਸ ਨੂੰ ਅਮਲ ਵਿੱਚ ਲਿਆਦਾ ਜਾਵੇ । ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਅਸਤੀਫਾ ਦੇ ਕੇ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਦੀ ਗਰਿਮਾ ਨੂੰ ਕਾਇਮ ਰੱਖਣਾ ਚਾਹੀਦਾ ਹੈ।























