• ਸ੍ਰੀਲੰਕਾ ਦੇ ਦੌਰੇ ਉੱਤੇ ਜਾਣ ਵਾਲੀ ਭਾਰਤ ਦੀ ਅੰਡਰ-19 ਟੀਮ ‘ਚ ਹੋਈ ਚੋਣ
• ਅੰਤਰ ਜ਼ੋਨਲ ਅੰਡਰ-19 ਚੈਂਪੀਅਨਸ਼ਿਪ ‘ਚ ਸ਼ਾਨਦਾਰ ਕਾਰਗੁਜਾਰੀ ਦਾ ਮਿਲਿਆ ਇਨਾਮ
• ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦਿੱਤੀ ਵਧਾਈ
ਚੰਡੀਗੜ, 8 ਜੂਨ (ਵਿਸ਼ਵ ਵਾਰਤਾ) : ਪੰਜਾਬ ਦੇ ਇੱਕ ਹੋਰ ਪ੍ਰਤਿਭਾਵਾਨ ਖਿਡਾਰੀ ਨੇ ਕ੍ਰਿਕਟ ਦੇ ਅੰਬਰ ਉੱਤੇ ਨਵੇਂ ਸਿਤਾਰੇ ਵਜੋਂ ਉਭਰਨ ਦਾ ਮਾਣ ਹਾਸਲ ਕੀਤਾ ਹੈ। ਲੁਧਿਆਣਾ ਸ਼ਹਿਰ ਨੇ ਦੇਸ਼ ਨੂੰ ਨਿਹਾਲ ਵਡੇਰਾ ਦੇ ਰੂਪ ਵਿੱਚ ਇੱਕ ਹੋਰ ਉਭਰਦਾ ਕ੍ਰਿਕਟਰ ਤੋਹਫੇ ਵਜੋਂ ਸੌਂਪਿਆ ਹੈ। ਨਿਹਾਲ ਦੀ ਚੋਣ ਭਾਰਤ ਦੀ ਅੰਡਰ-19 ਉਮਰ ਵਰਗ ਦੀ ਟੀਮ ਵਿੱਚ ਹੋਈ ਹੈ ਜੋ ਕਿ ਸ੍ਰੀਲੰਕਾ ਦੇ ਦੌਰੇ ਉੱਤੇ ਜਾਵੇਗੀ।
ਇੱਥੇ ਇਹ ਦੱਸਣਯੋਗ ਹੈ ਕਿ ਨਿਹਾਲ ਲੁਧਿਆਣਾ ਦਾ ਤੀਜਾ ਕ੍ਰਿਕਟਰ ਹੈ ਜਿਸਨੂੰ ਕੌਮਾਂਤਰੀ ਪੱਧਰ ਉੱਤੇ ਖੇਡਣ ਦਾ ਮਾਣ ਹਾਸਲ ਹੋਵੇਗਾ। ਉਸ ਤੋਂ ਪਹਿਲਾਂ ਯਸ਼ਪਾਲ ਸ਼ਰਮਾ, ਜੋ ਕਿ ਸਾਲ 1983 ਵਿੱਚ ਵਿਸ਼ਵ ਕੱਪ ਜੇਤੂ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਸਨ ਅਤੇ ਗਗਨਦੀਪ ਸਿੰਘ ਵੀ ਲੁਧਿਆਣਾ ਸ਼ਹਿਰ ਨਾਲ ਹੀ ਸਬੰਧਤ ਹਨ।
ਲੁਧਿਆਣਾ ਦੇ ਬੀਸੀਐਮ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ 11ਵੀਂ ਜਮਾਤ ਦੇ ਵਿਦਿਆਰਥੀ ਨਿਹਾਲ ਨੇ ਹਿਮਾਚਲ ਪ੍ਰਦੇਸ਼ ਦੇ ਊਨਾ ਵਿਖੇ ਹੋਈ ਅੰਤਰ ਜ਼ੋਨਲ ਚੈਂਪੀਅਨਸ਼ੀਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੂਰਬੀ ਜ਼ੋਨ ਦੇ ਖਿਲਾਫ਼ ਸ਼ਾਨਦਾਰ ਸੈਂਕੜਾ ਜੜਿਆ ਜਦੋਂ ਕਿ ਕੇਂਦਰੀ ਜ਼ੋਨ ਦੇ ਖਿਲਾਫ਼ ਉਸਨੇ ਅਰਧ ਸੈਂਕੜਾ ਲਗਾਇਆ। ਪੱਛਮੀ ਜ਼ੋਨ ਖਿਲਾਫ਼ ਵੀ ਉਸਦਾ ਪ੍ਰਦਰਸ਼ਨ ਵਧੀਆ ਰਿਹਾ। ਇੰਨਾਂ ਹੀ ਨਹੀ ਸਗੋਂ ਬੀਤੇ ਵਰੇ ਨਿਹਾਲ ਦੀ ਚੋਣ ਅੰਡਰ-16 ਵਰਗ ਵਿੱਚ ਜ਼ੋਨਲ ਕ੍ਰਿਕਟ ਅਕੈਡਮੀ ਵਿੱਚ ਵੀ ਹੋਈ ਸੀ ਅਤੇ ਉਸਨੇ ਹਾਲ ਹੀ ਵਿੱਚ ਹੋਏ ਅੰਡਰ-16 ਵਰਗ ਦੇ ਪੰਜਾਬ ਰਾਜ ਅੰਤਰ ਜ਼ਿਲਾ ਕ੍ਰਿਕਟ ਟੂਰਨਾਮੈਂਟ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ।
ਉਸਨੂੰ ਕ੍ਰਿਕਟ ਦੇ ਗੁਰ ਸਿਖਾਉਣ ਵਾਲੇ ਕੋਚ ਚਰਨਜੀਤ ਸਿੰਘ ਭੰਗੂ ਉਸਦੀ ਪ੍ਰਾਪਤੀ ਤੋਂ ਕਾਫੀ ਖੁਸ਼ ਹਨ ਅਤੇ ਉਨਾ ਨੇ ਨਿਹਾਲ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਨਿਹਾਲ ਦੇ ਪਿਤਾ ਕਮਲ ਵਡੇਰਾ ਅਤੇ ਮਾਤਾ ਗੁਰਪ੍ਰੀਤ ਵਡੇਰਾ ਦਾ ਕਹਿਣਾ ਹੈ ਕਿ ਨਿਹਾਲ ਅਤੇ ਉਸਦੇ ਕੋਚ ਦੀ ਸਖਤ ਮਿਹਨਤ ਆਖਿਰਕਾਰ ਰੰਗ ਲਿਆਈ ਹੈ।
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਨਿਹਾਲ ਨੂੰ ਵਧਾਈ ਦਿੰਦੇ ਹੋਏ ਇਹ ਉਮੀਦ ਜ਼ਾਹਿਰ ਕੀਤੀ ਹੈ ਕਿ ਉਸਦੀ ਕਾਮਯਾਬੀ ਹੋਰਨਾਂ ਨੂੰ ਵੀ ਖੇਡਾਂ ਦੇ ਖੇਤਰ ਵਿੱਚ ਆਉਣ ਲਈ ਚਾਨਣ ਮੁਨਾਰੇ ਦਾ ਕੰਮ ਕਰੇਗੀ।
IPL ’ਚ ਅੱਜ ਖੇਡੇ ਜਾਣਗੇ ਡਬਲ ਹੈਡਰ ਮੁਕਾਬਲੇ
IPL ’ਚ ਅੱਜ ਖੇਡੇ ਜਾਣਗੇ ਡਬਲ ਹੈਡਰ ਮੁਕਾਬਲੇ ਪਹਿਲਾ ਮੈਚ ਗੁਜਰਾਤ ਅਤੇ ਬੈਂਗਲੁਰੂ ਵਿਚਾਲੇ ਥੋੜ੍ਹੀ ਦੇਰ ’ਚ ਪੜ੍ਹੋ, ਬੈਂਗਲੁਰੂ ਨੇ...