ਉਘੇ ਬੱਸ ਟਰਾਂਸਪੋਟਰ ਗਿਆਨੀ ਮੋਹਨ ਸਿੰਘ ਝੁਨੀਰ ਦਾ ਮਾਨਸਾ ਇਲਾਕੇ ਨੂੰ ਵੱਡਾ ਘਾਟਾ
ਮਾਨਸਾ, 27 ਮਈ (ਸਤੀਸ਼ ਕੁਮਾਰ ਪੱਪੀ):- ਮਾਲਵਾ ਖੇਤਰ ਦੇ ਉਘੇ ਬੱਸ ਟਰਾਂਸਪੋਰਟਰ ਗਿਆਨੀ ਮੋਹਨ ਸਿੰਘ ਝੁਨੀਰ, ਜਿੰਨ੍ਹਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ, ਸਬੰਧੀ ਪਾਠ ਦਾ ਭੋਗ 28 ਮਈ, ਦਿਨ ਐਤਵਾਰ ਨੂੰ ਝੁਨੀਰ ਦੇ ਡੇਰਾ ਬਾਬਾ ਧਿਆਨ ਦਾਸ ਵਿਖੇ ਸਾਢੇ ਬਾਰਾਂ ਵਜੇ ਪਵੇਗਾ।
ਉਹ 62 ਸਾਲ ਦੇ ਸਨ ਅਤੇ ਕੁੱਝ ਕੁ ਦਿਨ ਬਿਮਾਰ ਰਹਿਣ ਤੋਂ ਬਾਅਦ ਪ੍ਰਲੋਕ ਸੁਧਾਰ ਗਏ। ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਰੱਜੀ ਰੂਹ ਇਨਸਾਨ ਸਨ। ਉਹ ਇਲਾਕੇ ਵਿੱਚ ਪੁੰਨ-ਦਾਨ ਲਈ ਮੋਹਰੀ ਲੋਕਾਂ ਵਿੱਚ ਮੰਨੇ ਜਾਂਦੇ ਸਨ। ਕੋਈ ਵੀ ਧਾਰਮਿਕ, ਸਮਾਜ ਸੇਵੀ ਸੰਸਥਾ ਆ ਜਾਂਦੀ ਸੀ,ਉਹ ਖੁਸ਼ ਹੋ ਕੇ ਉਨ੍ਹਾਂ ਦੀ ਮਦਦ ਕਰਦੇ।
ਉਨ੍ਹਾਂ ਦਾ ਜੱਦੀ ਪਿੰਡ ਖਿਆਲਾ ਸੀ,ਬਾਅਦ ਚ ਉਹ ਝੁਨੀਰ ਵਿਖੇ ਰਹਿਣ ਲੱਗ ਪਏ।ਉਨ੍ਹਾਂ ਨੇ ਬਹੁਤ ਹੀ ਮਿਹਨਤ ਮਸ਼ੱਕਤਾਂ ਨਾਲ ਜਿਥੇ ਇਮਾਨਦਾਰੀ ਨਾਲ ਮਠਿਆਈ ਦੇ ਕਾਰੋਬਾਰ ‘ਚ ਇਲਾਕੇ ਭਰ ਵਿਚ ਨਾਮਣਾ ਖੱਟਿਆ, ਉਥੇ ਟਰਾਂਸਪੋਰਟ ਖੇਤਰ ਚ ਵੀ ਉਨ੍ਹਾਂ ਦਾ ਨਾਮ ਬੋਲਦਾ ਹੈ,ਪਰ ਇਸ ਦੇ ਬਾਵਜੂਦ ਉਨ੍ਹਾਂ ਦਾ ਨਿਮਰਤਾ ਭਰਿਆ ਸੁਭਾਅ, ਹਰ ਇਕ ਦੀ ਮੱਦਦ ਲਈ ਮੋਹਰੀ ਰਹਿਣਾ, ਇਹ ਹਰ ਇਕ ਦੇ ਹਿੱਸੇ ਨਹੀਂ ਆਉਂਦਾ। ਉਨ੍ਹਾਂ ਦਾ ਬੱਸਾਂ ਰਾਹੀਂ ਮੁਲਾਜਮਾਂ, ਮਜ਼ਦੂਰਾਂ,ਕਿਸਾਨਾਂ, ਵਿਦਿਆਰਥੀਆਂ ਅਤੇ ਹੋਰਨਾਂ ਲੋਕਾਂ ਦੇ ਹੱਕੀ ਘੋਲਾਂ ‘ਚ ਵੱਡਾ ਯੋਗਦਾਨ ਰਿਹਾ। ਜਦੋਂ ਵੀ ਕਿਸੇ ਧਿਰ ਨੂੰ ਬੱਸਾਂ ਦੀ ਲੋੜ ਹੁੰਦੀ ਸੀ ਤਾਂ ਉਨ੍ਹਾਂ ਨੇ ਕੋਈ ਰੇਟ ਨੀ ਕੀਤਾ ਸੀ,ਸਗੋਂ ਕਹਿੰਦੇ ਸੀ,ਚਲੋਂ ਸਾਡਾ ਵੀ ਸੰਘਰਸ਼ ਚ ਲੋੜੀਂਦਾ ਯੋਗਦਾਨ ਪੈ ਜਾਵੇਗਾ।
ਵਧੀਆ ਇਨਸਾਨ ਦਾ ਇਸ ਦੁਨੀਆਂ ਤੋਂ ਚਲਾ ਜਾਣਾ ਮਾਨਸਾ ਇਲਾਕੇ ਲਈ ਬਹੁਤ ਵੱਡਾ ਖਲਾਅ ਹੈ, ਜਿਸ ਨੂੰ ਪੂਰਾ ਕਰਨਾ ਨਾਮੁਮਕਿਨ ਹੈ। ਪ੍ਰਮਾਤਮਾ ਇਸ ਰੱਬੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਉਹ ਆਪਣੇ ਪਿੱਛੇ ਪੁੱਤਰ,ਧੀਆਂ,ਪੋਤੇ-ਪੋਤੀਆਂ,
ਦੋਹਤੇ-ਦੋਹਤੀਆਂ,ਰਿਸ਼ਤੇਦਾਰਾਂ ਅਤੇ ਅੰਗਾਂ-ਸਾਕਾਂ ਸਮੇਤ ਦੋਸਤਾਂ ਦਾ ਵੱਡਾ ਬਾਗ-ਬਗੀਚਾ ਛੱਡ ਗਏ ਹਨ।
ਉਨ੍ਹਾਂ ਦੀ ਵਿਛੜੀ ਆਤਮਾ ਨੂੰ ਸ਼ਾਂਤੀ ਲਈ ਅੰਤਿਮ ਅਰਦਾਸ 28 ਮਈ ਨੂੰ ਝੁਨੀਰ ਵਿਖੇ ਡੇਰਾ ਬਾਬਾ ਧਿਆਨ ਦਾਸ ਵਿਖੇ ਹੋਵੇਗੀ, ਜਿਸ ਲਈ ਆਪ ਜੀ ਨੂੰ ਪਰਿਵਾਰ ਵਲੋਂ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ ਜੀ।
ਇਥੇ ਜ਼ਿਕਰਯੋਗ ਹੈ ਕਿ ਮੋਹਨ ਸਿੰਘ ਗਿਆਨੀ,ਰਾਜ ਕੁਮਾਰ ਜਿੰਦਲ ਦੇ ਵੱਡੇ ਭਰਾ, ਐਡਵੋਕੇਟ ਪਰਮਜੀਤ ਸਿੰਘ ਪੰਮਾ ਅਤੇ ਦਸ਼ਰਥ ਰਾਏ ਜੱਸਾ ਦੇ ਪੂਜਨੀਕ ਪਿਤਾ ਜੀ ਹਨ।























